ਪਵਨ ਗੋਇਲ
ਭੁੱਚੋ ਮੰਡੀ, 13 ਫਰਵਰੀ
ਚਿੱਟਫੰਡ ਕੰਪਨੀਆਂ ਰਾਹੀਂ ਕੀਤੇ ਕਥਿੱਤ ਘੁਟਾਲੇ ਦੇ ਸਰਗਨੇ ਸਾਬਕਾ ਵਿਧਾਇਕ ਅਤੇ ਕਾਂਗਰਸੀ ਉਮੀਦਵਾਰ ਖ਼ਿਲਾਫ਼ ਭੁੱਚੋ ਕੈਂਚੀਆਂ ਰੋਡ ’ਤੇ ਪੈਂਫਲੈਟ ਵੰਡ ਰਹੇ ਵੱਖ ਵੱਖ ਰਾਜਾਂ ਦੇ ਕਰੀਬ ਦੋ ਦਰਜਨ ਪੀੜਤ ਪੂੰਜੀ ਨਿਵੇਸ਼ਕਾਂ ਅਤੇ ਏਜੰਟਾਂ ਦੀ ਕੁੱਝ ਅਣਪਛਾਤੇ ਲੱਠਮਾਰਾਂ ਨੇ ਕੁੱਟਮਾਰ ਕੀਤੀ ਜਿਸ ਕਾਰਨ ਬਜ਼ੁਰਗਾਂ ਸਮੇਤ ਨੌਂ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਕੇਐਸ ਰਾਣਾ, ਸ੍ਰੀ ਪਥ, ਰਾਮ ਵੀਰ, ਸ਼ਿਆਮ ਸ਼ਰਨ, ਖੇਮ ਰਾਜ, ਰਾਮ ਨਿਵਾਸ, ਸੁਖੇਂਦਰ ਕੁਮਾਰ ਅਤੇ ਕੇਲਾਸ਼ ਸੈਣੀ ਸ਼ਾਮਲ ਹਨ। ਇਨ੍ਹਾਂ ਜ਼ਖ਼ਮੀਆਂ ਨੂੰ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸਥਾਨਕ ਕਮਿਊੂਨਿਟੀ ਹੈਲਥ ਸੈਂਟਰ ਵਿੱਚ ਭਰਤੀ ਕਰਵਾਇਆ। ਭੁੱਚੋ ਪੁਲੀਸ ਚੌਕੀ ਦੇ ਇੰਚਾਰਜ ਪਰਬਤ ਸਿੰਘ ਨੇ ਟੀਮ ਸਮੇਤ ਹਸਪਤਾਲ ਵਿੱਚ ਪਹੁੰਚ ਕੇ ਜ਼ਖ਼ਮੀਆਂ ਤੋਂ ਪੁੱਛਗਿੱਛ ਕੀਤੀ। ਡਾਕਟਰ ਅਮਨਵੀਰ ਸਿੰਘ ਅਨੁਸਾਰ ਤਿੰਨ ਜ਼ਖਮੀਆਂ ਨੂੰ ਬਠਿੰਡਾ ਰੈਡਰ ਕੀਤਾ ਗਿਆ ਹੈ। ਆਪ ਤੇ ਭਾਜਪਾ ਉਮੀਦਵਾਰਾਂ ਸਮੇਤ ਅਕਾਲੀ ਆਗੂਆਂ ਨੇ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਹਸਪਤਾਲ ਵਿੱਚ ਜ਼ੇਰੇ ਇਲਾਜ ਜੇਸੀਏ ਸੰਘਰਸ਼ ਮੋਰਚਾ ਦੇ ਕੌਮੀ ਪ੍ਰਧਾਨ ਕੇਐਸ ਰਾਣਾ ਅਤੇ ਸ਼ੰਕਰ ਸਿੰਘ ਨੇ ਲਿਸਟਾਂ ਦਿਖਾਉਂਦਿਆਂ ਦੱਸਿਆ ਕਿ ਹਲਕਾ ਭੁੱਚੋ ਮੰਡੀ ਤੋਂ ਕਾਂਗਰਸੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੇ 1995 ਤੋਂ ਵੱਖ ਰਾਜਾਂ ਵਿੱਚ ਪੌਣੀ ਦਰਜਨ ਕੰਪਨੀਆਂ ਅਤੇ ਸੌ ਦੇ ਕਰੀਬ ਸ਼ਾਖਾਵਾਂ ਖੋਲ੍ਹ ਕੇ ਪੂੰਜੀ ਨਿਵੇਸ਼ਕਾਂ ਨਾਲ ਕਰੀਬ ਦੋ ਹਜ਼ਾਰ ਕਰੋੜ ਦੀ ਠੱਗੀ ਮਾਰੀ ਹੈ। ਦੇਸ਼ ਦੇ ਲਗਪਗ ਤੀਹ ਕਰੋੜ ਲੋਕ ਇਸ ਠੱਗੀ ਦਾ ਸ਼ਿਕਾਰ ਹੋਏ ਹਨ ਅਤੇ ਕਈ ਪੀੜਤ ਵਿਅਕਤੀ ਖੂਨ ਪਸੀਨੇ ਦੀ ਕਮਾਈ ਦੀ ਹੋਈ ਲੁੱਟ ਦਾ ਦੁੱਖ ਨਾ ਸਹਾਰਦੇ ਹੋਏ ਖੁਦਕੁਸ਼ੀਆਂ ਵੀ ਕਰ ਚੁੱਕੇ ਹਨ। ਉਨ੍ਹਾਂ ਸਾਬਕਾ ਵਿਧਾਇਕ ਖ਼ਿਲਾਫ਼ ਦਰਜ ਹੋਏ ਕੇਸਾਂ ਦੀ ਲਿਸਟ ਦਿਖਾਉਂਦਿਆਂ ਕਿਹਾ ਕਿ ਵਿਧਾਇਕ ਖ਼ਿਲਾਫ਼ ਰਾਜਸਥਾਨ, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਆਸਾਮ, ਮਹਾਰਾਸ਼ਟਰ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਆਦਿ ਵਿੱਚ ਗਿਆਰਾਂ ਕੇਸ ਦਰਜ ਹੋ ਚੁੱਕੇ ਹਨ। ਪਰ ਪੀੜਤਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਵਿਧਾਇਕ ਦੀਆਂ ਤਸਵੀਰਾਂ, ਵੀਡੀਓ ਕਲਿਪ ਅਤੇ ਆਡੀਓ ਕਲਿੱਪ ਹਨ, ਜੋ ਅਦਾਲਤ ਵਿੱਚ ਵਿਧਾਇਕ ਨੂੰ ਮੁਲਜ਼ਮ ਸਾਬਤ ਕਰਨ ਲਈ ਪੁਖ਼ਤਾ ਸਬੂਤ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ਵਿੱਚ ਉਸ ਦੇ ਪੈਰ ਅਤੇ ਲੱਤ ’ਤੇ ਭਾਰੀ ਸੱਟ ਲੱਗੀ ਹੈ। ਪਰ ਉਹ ਅਜਿਹੀਆਂ ਧੱਕੇਸ਼ਾਹੀਆਂ ਤੋਂ ਡਰ ਕੇ ਚੁੱਪ ਨਹੀਂ ਬੈਠਣਗੇ, ਇਨਸਾਫ਼ ਮਿਲਣ ਤੱਕ ਜੰਗ ਜਾਰੀ ਰੱਖਣਗੇ। ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਿਧਾਇਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਿਆ ਜਾਵੇ। ਚੌਕੀ ਇੰਚਾਰਜ ਪਰਬਤ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਜਿਸ ਆਧਾਰ ’ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕੀ ਕਹਿੰਦੇ ਨੇ ਵਿਧਾਇਕ਼਼ ਕੋਟਭਾਈ
ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਘੁਟਾਲੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਇਹ ਪੁਰਾਣਾ ਮਾਮਲਾ ਹੈ ਅਤੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਨ੍ਹਾਂ ਨੇ ਜੋ ਕੁਝ ਕਹਿਣਾ ਹੈ, ਉਹ ਅਦਾਲਤ ਵਿੱਚ ਕਹਿਣ। ਉਨ੍ਹਾਂ ਕਿਹਾ ਕਿ ਚੋਣਾਂ ਕਾਰਨ ਇਨ੍ਹਾਂ ਬੰਦਿਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਸਿਆਸੀ ਲਾਹਾ ਲੈਣ ਲਈ ਬੁਲਾਇਆ ਗਿਆ ਹੈ ਅਤੇ ਖਰਚਾ ਪਾਣੀ ਵੀ ਦਿੱਤਾ ਜਾ ਰਿਹਾ ਹੈ। ਆਪ ਸਮੇਤ ਹੋਰ ਵਿਰੋਧੀ ਪਾਰਟੀਆਂ ਵੀ ਇਸ ਮਾਮਲੇ ਨੂੰ ਹਵਾ ਦੇ ਰਹੀਆਂ ਹਨ।