ਭਗਵਾਨ ਦਾਸ ਗਰਗ
ਨਥਾਣਾ, 23 ਜੁਲਾਈ
ਪਿੰਡ ਪੂਹਲਾ ਅਤੇ ਪੂਹਲੀ ਵਿਚਕਾਰ ਨਹਿਰ ਕੰਢੇ ਵਸੀ ਬਾਜ਼ੀਗਰ ਬਸਤੀ ਦੇ ਲੋਕਾਂ ਨੂੰ ਬਾਰਸ਼ ਦੇ ਜਮ੍ਹਾਂ ਹੋਏ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਬਸਤੀ ਦੇ ਲੋਕਾਂ ਦੇ ਵਫ਼ਦ ਨੇ ਨਾਇਬ ਤਹਿਸੀਲਦਾਰ ਨਥਾਣਾ ਨੂੰ ਮਿਲ ਕੇ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ।
ਨਾਇਬ ਤਹਿਸੀਲਦਾਰ ਅਵਤਾਰ ਸਿੰਘ ਚੱਠਾ ਨੇ ਮੌਕੇ ’ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਉਕਤ ਦੋਵਾਂ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰ ਕੇ ਜਾਣਕਾਰੀ ਹਾਸਲ ਕੀਤੀ। ਬਾਅਦ ਵਿੱਚ ਉਨ੍ਹਾਂ ਬਸਤੀ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਛੇਤੀ ਤੋਂ ਛੇਤੀ ਇਸ ਸਮੱਸਿਆ ਦਾ ਹੱਲ ਕਰਨ ਦੇ ਯਤਨ ਕੀਤੇ ਜਾਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੂਹਲਾ ਵਿੱਚ ਸਟੇਡੀਅਮ ਅਤੇ ਅਨਾਜ ਮੰਡੀ ਦੇ ਨਾਲ ਲੱਗਦੇ ਵੱਡੇ ਛੱਪੜ ਦੇ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਪ੍ਰਬੰਧ ਨਹੀਂ। ਬਰਸਾਤਾਂ ਦੇ ਦਿਨਾਂ ਵਿੱਚ ਇਸ ਛੱਪੜ ਵਿੱਚ ਵੱਡੀ ਮਾਤਰਾ ਵਿੱਚ ਜਮ੍ਹਾਂ ਹੋਇਆ ਪਾਣੀ ਬਾਜ਼ੀਗਰ ਬਸਤੀ ਦੇ ਲੋਕਾਂ ਲਈ ਸਮੱਸਿਆ ਪੈਦਾ ਕਰਦਾ ਹੈ। ਸਟੇਡੀਅਮ ਅਤੇ ਅਨਾਜ ਮੰਡੀ ਦਾ ਫੜ੍ਹ ਉੱਚਾ ਹੋਣ ਕਰਕੇ ਇਸ ਪਾਣੀ ਦੀ ਮਾਰ ਬਾਜ਼ੀਗਰ ਬਸਤੀ ਵੱਲ ਹੋ ਗਈ ਹੈ। ਬਸਤੀ ਵਿੱਚ ਰਹਿੰਦੇ ਕਈ ਪਰਿਵਾਰ ਪਾਣੀ ਦੀ ਮਾਰ ਕਾਰਨ ਇੱਕ ਤੋਂ ਦੂਜੀ ਥਾਂ ਆਰਜ਼ੀ ਤੌਰ ’ਤੇ ਸਿਫਟ ਹੋ ਗਏ ਹਨ।
ਬਸਤੀ ਵਾਸੀਆਂ ਦਾ ਕਹਿਣਾ ਹੈ ਕਿ ਸਿਆਸੀ ਆਗੂ ਉਨ੍ਹਾਂ ਕੋਲ ਸਿਰਫ਼ ਵੋਟਾਂ ਸਮੇਂ ਹੀ ਆਉਂਦੇ ਹਨ ਜਦੋਂ ਕਿ ਬਾਅਦ ਵਿੱਚ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਬਸਤੀ ਵਾਸੀਆਂ ਦਾ ਕਹਿਣਾ ਹੈ ਕਿ ਜਮ੍ਹਾਂ ਹੋਏ ਇਸ ਪਾਣੀ ਨਾਲ ਡੇਂਗੂ ਵਰਗੀ ਬਿਮਾਰੀ ਫੈਲਣ ਦਾ ਵੀ ਖਦਸ਼ਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਨੂੰ ਹੱਲ ਨਾ ਕੀਤਾ ਗਿਆ ਤਾਂ ਉਹ ਸੜਕੀ ਜਾਮ ਲਗਾਉਣ ਲਈ ਮਜਬੂਰ ਹੋਣਗੇ।