ਸ਼ਗਨ ਕਟਾਰੀਆ
ਬਠਿੰਡਾ, 14 ਅਗਸਤ
‘ਬਠਿੰਡਾ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਤਰਜ਼ ’ਤੇ ਇੱਥੋਂ ਦੀਆਂ ਨਹਿਰਾਂ ਉੱਪਰ ਵਾਤਾਵਰਣ ਜਾਗਰੂਕ ਪਾਰਕ ਬਣਾਏ ਜਾਣਗੇ।’ ਇਹ ਖੁਲਾਸਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਬਠਿੰਡਾ ਬਰਾਂਚ ਕੈਨਾਲ ’ਤੇ 50 ਲੱਖ ਦੀ ਲਾਗਤ ਨਾਲ ਬਣਨ ਵਾਲੇ ਵਾਤਾਵਰਣ ਜਾਗਰੂਕ ਪਾਰਕ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਬਠਿੰਡਾ ਕੈਨਾਲ ਦੇ ਦੋਵੇਂ ਪਾਸੇ ਦੋ-ਦੋ ਕਿਲੋਮੀਟਰ ਤੱਕ ਦੀ ਦੂਰੀ ’ਤੇ ਸੁੰਦਰ ਪਾਰਕਾਂ ਦਾ ਨਿਰਮਾਣ ਕੀਤਾ ਜਾਵੇਗਾ। ਇਨ੍ਹਾਂ ਪਾਰਕਾਂ ਦੀ ਸੁੰਦਰਤਾ ਕਿਸੇ ਵੀ ਪੱਖੋਂ ਪਾਕਿਸਤਾਨ ਸਥਿਤ ਲਾਹੌਰ ਸ਼ਹਿਰ ’ਚ ਨਹਿਰ ਦੁਆਲੇ ਬਣੇ ਪਾਰਕਾਂ ਤੋਂ ਘੱਟ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਕੈਨਾਲ ’ਤੇ ਇਹ ਪਾਰਕ 82,368 ਮੀਟਰ ਰਕਬੇ ਵਿਚ ਬਣਾਇਆ ਜਾ ਰਿਹਾ ਹੈ। ਇਸ ਪਾਰਕ ਨੂੰ ਵੱਖ-ਵੱਖ ਭਾਗਾਂ ਵਿਚ ਵੰਡ ਕੇ ਹਰਿਆ-ਭਰਿਆ ਬਣਾਉਣ ਲਈ ਇੱਥੇ ਫੁੱਲ ਤੇ ਫਲਦਾਰ ਬੂਟਿਆਂ ਤੋਂ ਇਲਾਵਾ ਰਵਾਇਤੀ ਰੁੱਖ ਲਾਏ ਜਾਣਗੇ ਜੋ ਕਿ ਪਾਰਕਾਂ ਦੀ ਸੁੰਦਰਤਾ ਨੂੰ ਚਾਰ-ਚੰਨ ਲਾਉਣਗੇ। ਉਨ੍ਹਾਂ ਆਖਿਆ ਕਿ ਇਹ ਪਾਰਕ ਸ਼ਹਿਰ ਵਾਸੀਆਂ ਲਈ ਸਵੇਰ-ਸ਼ਾਮ ਸੈਰਗਾਹਾਂ ਲਈ ਲਾਹੇਵੰਦ ਸਾਬਤ ਹੋਣਗੇ।
ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਰਕਾਂ ’ਚ ਰੁੱਖਾਂ ਦੇ ਨਾਲ-ਨਾਲ ਸੈਰ ਕਰਨ ਵਾਲੇ ਲੋਕਾਂ ਲਈ ਇੰਟਰਲਾਕਿੰਗ ਟਾਈਲਜ਼ ਨਾਲ ਰਸਤੇ ਬਣਾਏ ਜਾਣਗੇ ਅਤੇ ਸੈਰ ਦੌਰਾਨ ਆਰਾਮ ਕਰਨ ਲਈ ਬੈਚਾਂ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪੀਣ ਵਾਲੇ ਸਾਫ਼ ਪਾਣੀ ਦੇ ਨਾਲ-ਨਾਲ ਪਖ਼ਾਨੇ ਆਦਿ ਵੀ ਬਣਾਏ ਜਾਣਗੇ। ਇਸ ਪਾਰਕ ਨੂੰ 2021-22 ਦੌਰਾਨ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਸ੍ਰੀ ਬਾਦਲ ਵੱਲੋਂ ਇੱਥੋ ਦੇ ਸਿਵਲ ਹਸਪਤਾਲ ਵਿੱਚ 7.75 ਕਰੋੜ ਰੁਪਏ ਦੀ ਲਾਗਤ ਨਾਲ ਜੱਚਾ-ਬੱਚਾ ਹਸਪਤਾਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਦੱਸਿਆ ਕਿ ਇੱਥੇ ਸਥਿਤ ਪਹਿਲਾਂ ਵਾਲੇ 100 ਬੈੱਡ ਵਾਲੇ ਹਸਪਤਾਲ ਵਿਚ 30 ਹੋਰ ਬੈੱਡਾਂ ਦਾ ਵਾਧਾ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਬਾਦਲ ਨੇ ਬਠਿੰਡਾ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ।