ਮਨੋਜ ਸ਼ਰਮਾ
ਬਠਿੰਡਾ 22 ਅਗਸਤ
ਭਾਦੋਂ ਦੇ ਮੀਂਹ ਨਾਲ ਬਠਿੰਡਾ ਸ਼ਹਿਰ ਅੱਜ ਪੂਰੀ ਤਰ੍ਹਾਂ ਜਲ ਥਲ ਹੋ ਗਿਆ। ਮੌਸਮ ਵਿਭਾਗ ਨੇ ਮਾਲਵਾ ਖੇਤਰ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਸੀ। ਅੱਜ ਸਵੇਰੇ 4 ਘੰਟੇ ਪਏ ਮੀਂਹ ਨੇ ਨਗਰ ਨਿਗਮ ਬਠਿੰਡਾ ਦੇ ਪ੍ਰੰਬਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ। ਬਠਿੰਡਾ ਅੱਜ ਸਮੁੰਦਰ ਦਾ ਰੂਪ ਧਾਰਨ ਕਰ ਗਿਆ। ਸ਼ਹਿਰ ਦੀ ਪਾਵਰ ਹਾਊਸ ਰੋਡ, ਕੋਰਟ ਰੋਡ, ਸਿਵਲ ਲਾਈਨ ਖੇਤਰ, ਮਾਲ ਰੋਡ, ਸਿਰਕੀ ਬਾਜ਼ਾਰ, ਵੀਰ ਕਲੋਨੀ, ਪਰਸ ਰਾਮ ਨਗਰ, ਭੱਟੀ ਰੋਡ, ਗਣੇਸ਼ਾ ਬਸਤੀ ਦੀ ਸੜਕ ’ਤੇ 5-5 ਫੁੱਟ ਤੱਕ ਪਾਣੀ ਭਰ ਗਿਆ। ਸਲੱਮ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਹਾਲਤ ਕਾਫੀ ਖਰਾਬ ਸੀ। ਮੀਂਹ ਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਵੜ ਗਿਆ, ਜਿਸ ਕਾਰਨ ਔਰਤਾਂ ਤੇ ਬੱਚੇ ਘਰਾਂ ਵਿਚੋਂ ਮੀਂਹ ਦਾ ਪਾਣੀ ਕੱਢਦੇ ਦੇਖੇ ਗਏ। ਮੀਂਹ ਨਾਲ ਸ਼ਹਿਰ ਦੀ ਆਵਾਜਾਈ ਵਿਵਸਥਾ ਵੀ ਪ੍ਰਭਾਵਿਤ ਹੋਈ ਅਤੇ ਵਾਹਨ ਪਾਣੀ ਵਿਚ ਡੁੱਬਣ ਕਾਰਨ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਪਾਣੀ ਵਿੱਚ ਫਸੇ ਲੋਕਾਂ ਨੂੰ ਦੇਖ ਵੱਧ ਪੈੈਸੇ ਕਮਾਉਣ ਦੇ ਚੱਕਰ ਵਿੱਚ ਰਿਕਸ਼ਾ ਚਾਲਕ ਵੀ ਬੁਰੇ ਫਸੇ ਅਤੇ ਆਪਣੇ ਰਿਕਸ਼ੇ ਪਾਣੀ ਵਿਚ ਡੁਬੋ ਬੈਠੇ। ਬਠਿੰਡਾ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਦੀ ਗੱਡੀ ਵੀ ਮੀਂਹ ਵਿਚ ਡੁੱਬ ਗਈ, ਜਿਸ ਕਾਰਨ ਡਿਪਟੀ ਮੇਅਰ ’ਤੇ ਲੋਕ ਵਿਅੰਗ ਕੱਸਦੇ ਵੀ ਦੇਖੇ ਗਏ। ਗੌਰਤਲਬ ਹੈ ਕਿ ਬਠਿੰਡਾ ਨਗਰ ਨਿਗਮ ਹਰ ਸਾਲ ਹੜ੍ਹ ਪ੍ਰੰਬਧਾਂ ’ਤੇ ਕਰੋੜਾਂ ਰੁਪਏ ਖਰਚ ਦਿੰਦਾ ਹੈ। ਬਠਿੰਡਾ ਵਾਸੀਆਂ ਦਾ ਕਹਿਣ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਸ ਦੀ ਕਾਂਗਰਸੀ ਟੀਮ ਹਰ ਦਿਨ ਸ਼ਹਿਰ ਦੇ ਵਿਕਾਸ ਦਾ ਢਡੋਰਾ ਪਿੱਟ ਰਹੀ ਹੈ ਪਰ ਬਠਿੰਡਾ ਨੂੰ ਡੁੱਬਣ ਤੋਂ ਨਹੀਂ ਬਚਾਅ ਸਕੀ। ਖੇਤੀਬਾੜੀ ਯੂਨੀਵਰਿਸਟੀ ਦੇ ਖੇਤਰੀ ਕੈਂਪਸ ਅਨੁਸਾਰ ਬਠਿੰਡਾ ਵਿੱਚ 81 ਐੱਮਐੱਮ ਮੀਂਹ ਪਿਆ।
ਮਾਨਸਾ (ਜੋਗਿੰਦਰ ਸਿੰਘ ਮਾਨ): ਅੱਜ ਰੱਖੜੀ ਦੇ ਤਿਉਹਾਰ ਵਾਲੇ ਦਿਨ ਵੱਡੇ ਤੜਕੇ ਪਏ ਮੀਂਹ ਨੇ ਸ਼ਹਿਰ ਵਿਚ ਵੱਡੀ ਜਲ-ਥਲ ਕਰ ਦਿੱਤੀ। ਮੀਂਹ ਭਾਵੇਂ ਥੋੜ੍ਹ ਸਮਾਂ ਵਰ੍ਹਿਆ, ਪਰ ਇਸ ਨੇ ਦੇਰ ਸ਼ਾਮ ਤਕ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰੀ ਰੱਖੀਆਂ। ਰੱਖੜੀ ਦੇ ਤਿਉਹਾਰ ਹੋਣ ਕਾਰਨ ਸ਼ਹਿਰ ਵਿਚ ਪਏ ਇਸ ਮੀਂਹ ਨੇ ਲੰਘਣ-ਟੱਪਣ ਵਾਲਿਆਂ ਲਈ ਵੱਡੇ ਅੜਿੱਕੇ ਖੜ੍ਹੇ ਕੀਤੇ। ਨਗਰ ਕੌਂਸਲ ਅਤੇ ਪ੍ਰਸ਼ਾਸਨ ਨੇ ਜਲ ਨਿਕਾਸੀ ਦੇ ਪ੍ਰਬੰਧਾਂ ਵਿਚ ਸੁਧਾਰ ਲਿਆਂਦਾ ਸੀ, ਪਰ ਅੱਜ ਪਏ ਮੀਂਹ ਮੁਹਰੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਸ਼ਹਿਰ ਦੇ ਅੰਡਰ ਬਰਿੱਜ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਦੋ ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣ ਗਈ, ਲੋਕਾਂ ਦੇ ਸਕੂਟਰ-ਮੋਟਰਸਾਈਕਲ ਇਸ ਪਾਣੀ ਵਿਚ ਬੰਦ ਹੋ ਗਏ।
ਸਮਾਲਸਰ (ਗੁਰਜੰਟ ਕਲਸੀ): ਹਲਕੇ ਵਿੱਚ ਸਵੇਰੇ 6 ਵਜੇ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਜਿਥੇ ਕਿਸਾਨ ਖੁਸ਼ ਹਨ ਉਥੇ ਹੀ ਆਮ ਲੋਕ ਅਤੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਸਜਾਉਣ ਲਈ ਆ ਰਹੀਆਂ ਭੈਣਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵੇਰਵੇ ਅਨੁਸਾਰ ਇਸਸ ਹਲਕੇ ਵਿਚ ਸਵੇਰੇ 6 ਵਜੇ ਤੋਂ ਲੈ ਪੈ ਰਿਹਾ ਜ਼ੋਰਦਾਰ ਮੀਂਹ ਲਗਾਤਾਰ ਜਾਰੀ ਹੈ। ਲੰਡੇ, ਡੇਮਰੂ ਕਲਾਂ ਆਦਿ ਦੇ ਕਿਸਾਨਾਂ ਨੇ ਦੱਸਿਆ ਕਿ ਝੋਨੇ ਅਤੇ ਚਾਰੇ ਦੀਆਂ ਫਸਲਾਂ ਆਦਿ ਵਾਲੇ ਖੇਤ ਪਾਣੀ ਨਾਲ ਉੱਛਲ ਰਹੇ ਹਨ।
ਧਨੌਲਾ (ਪੁਨੀਤ ਮੈਨਨ): ਖੇਤਰ ਵਿੱਚ ਤੜਕਸਾਰ ਸ਼ੁਰੂ ਹੋਏ ਮੀਂਹ ਨੇ ਧਨੌਲਾ ਦੀਆਂ ਗਲੀਆਂ ਨੂੰ ਜਲਥਲ ਕਰ ਦਿੱਤਾ। ਸ਼ਹਿਰ ਦੇ ਇਲਾਕਿਆਂ ਚ ਪਾਣੀ ਭਰ ਜਾਣ ਕਾਰਨ ਕੋਈ ਵੀ ਗਲੀ ਡੁੱਬਣ ਤੋਂ ਵਾਂਝੀ ਨਾ ਰਹੀ ਅਤੇ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ। ਇਸ ਦੌਰਾਨ ਵਾਰਡ ਨੰਬਰ ਇੱਕ ਦੇ ਲੌਕਾਂ ਵੱਲੋਂ ਇਕੱਠੇ ਹੋ ਕੇ ਨਗਰ ਕੌਂਸਲ ਧਨੌਲਾ ਖਿਲਾਫ ਨਾਅਰੇਬਾਜ਼ੀ ਕੀਤੀ।
ਜ਼ੀਰਾ (ਹਰਮੇਸ਼ ਪਾਲ ਨੀਲੇਵਾਲਾ): ਇਥੇ ਪੰਜ ਘੰਟੇ ਲਗਾਤਾਰ ਮੀਂਹ ਪੈਣ ਕਾਰਨ ਜ਼ੀਰਾ ਸ਼ਹਿਰ ਦੀਆਂ ਸੜਕਾਂ, ਗਲੀਆਂ, ਦੁਕਾਨਾਂ, ਘਰਾਂ ਤੇ ਸ਼ੈੱਲਰਾਂ ਵਿਚ ਵੀ ਪਾਣੀ ਭਰ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਲੱਖ਼ਾਂ ਰੁਪਏ ਦਾ ਅਨਾਜ ਅਤੇ ਹੋਰ ਸਾਮਾਨ ਖ਼ਰਾਬ ਹੋ ਗਿਆ।
ਸਰਕਾਰੀ ਸਕੂਲ ਵਿੱਚ ਤਿੰਨ-ਤਿੰਨ ਫੁੱਟ ਪਾਣੀ ਭਰਿਆ
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਅੱਜ ਸਵੇਰੇ ਕਰੀਬ ਦੋ ਘੰਟੇ ਲਗਾਤਾਰ ਮੀਂਹ ਪਿਆ। ਇਸ ਨਾਲ ਸ਼ਹਿਰ ਦੇ ਬਾਜ਼ਾਰ, ਗਲੀਆਂ ਅਤੇ ਪਾਰਕ ਆਦਿ ਝੀਲਾਂ ਦਾ ਰੂਪ ਧਾਰਨ ਕਰ ਗਏ। ਕੁਝ ਦੁਕਾਨਾਂ ਦੇ ਬੇਸਮੈਂਟ ਵਿੱਚ ਅਤੇ ਨੀਵੀਂਆਂ ਦੁਕਾਨਾਂ ਵਿੱਚ ਵੀ ਪਾਣੀ ਭਰ ਗਿਆ। ਵੱਡੀ ਗਿਣਤੀ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਬੰਦ ਰੱਖੀਆਂ। ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਕਰੀਬ ਦੋ ਫੁੱਟ ਪਾਣੀ ਭਰ ਗਿਆ। ਇਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਪਿੰਡ ਤੁੰਗਵਾਲੀ ਵਿੱਚ ਛੱਪੜ ਓਵਰ ਫਲੋਅ ਹੋ ਕੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਮੀਂਹ ਕਾਰਨ ਸਰਕਾਰੀ ਐਲੀਮੈਂਟਰੀ ਸਕੂਲ ਭੁੱਚੋ ਕਲਾਂ ਦੀ ਦਸ ਫੁੱਟ ਉੱਚੀ ਕੰਧ ਡਿੱਗ ਪਈ ਅਤੇ ਕਮਰਿਆਂ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਭਰ ਗਿਆ। ਇਨ੍ਹਾਂ ਕਮਰਿਆਂ ਵਿੱਚ ਪਿਆ ਸਾਮਾਨ ਮਿੱਡ ਡੇ ਮੀਲ ਦੀ ਕਣਕ, ਚੌਲ, ਦਵਾਈਆਂ, ਫ਼ਰਿੱਜ, ਕੰਪਿਊਟਰ, ਐਲਸੀਡੀ, ਪ੍ਰਿੰਟਰ, ਸਕੂਲ ਦਾ ਰਿਕਾਰਡ ਅਤੇ ਬੱਚਿਆਂ ਦੀਆਂ ਵਰਦੀਆਂ ਪਾਣੀ ਵਿੱਚ ਭਿੱਜ ਗਈਆਂ। ਸਕੂਲ ਦੀ ਮੁੱਖ ਅਧਿਆਪਕਾ ਮੈਡਮ ਨੀਰੂ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਣੀ ਵਿੱਚ ਡੁੱਬੇ ਸਾਮਾਨ ਨੂੰ ਬਾਹਰ ਕਢਵਾਇਆ।