ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 15 ਮਈ
ਪਿੰਡ ਦਿਆਲਪੁਰਾ ਮਿਰਜ਼ਾ ਦੇ ਪਿੰਡ ਵਾਸੀਆਂ ਵੱਲੋਂ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕਰ ਕੇ ਪੁਲੀਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਡੇਰਾ ਬਾਬਾ ਭਾਈ ਦਿਆਲਦਾਸ ਦੀ ਸੰਗਤ ਮਹੰਤ ਸੰਤੋਖ ਸਿੰਘ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਗਈ ਸੀ ਤੇ ਉਹ ਬੀਤੇ ਕੱਲ੍ਹ ਵਾਪਸ ਆ ਰਹੀ ਸੀ ਪਰ ਤਪਾ ਮੰਡੀ ਕੋਲ ਨੈਸ਼ਨਲ ਹਾਈਵੇਅ ਟੁੱਟੀ ਹੋਣ ਕਾਰਨ ਉਨ੍ਹਾਂ ਨੇ ਆਪਣੀ ਗੱਡੀ ਸਰਵਿਸ ਰੋਡ ’ਤੇ ਪਾ ਲਈ ਜਿੱਥੇ ਸੰਗਤ ਦੀ ਗੱਡੀ ਨੂੰ ਦੋ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ ਘੇਰ ਲਿਆ ਅਤੇ ਗੱਡੀ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਫੁਰਤੀ ਵਰਤਦਿਆਂ ਇਨੋਵਾ ਗੱਡੀ ਭਜਾ ਲਈ ਅਤੇ ਉਹ ਰਾਮਪੁਰਾ ਫੂਲ ਦੇ ਮੌੜ ਚੌਕ ਪਹੁੰਚ ਗਏ। ਇਥੇ ਦੋ ਪੁਲੀਸ ਮੁਲਾਜ਼ਮ ਤਇਨਾਤ ਸਨ। ਉਨ੍ਹਾਂ ਸਾਰੀ ਗੱਲ ਪੁਲੀਸ ਮੁਲਾਜ਼ਮਾਂ ਨੂੰ ਦੱਸੀ ਅਤੇ ਕਾਰਵਾਈ ਕਰਨ ਲਈ ਕਿਹਾ। 15-20 ਮਿੰਟਾਂ ਬਾਅਦ ਉਹ ਦੋਵੇਂ ਵਿਅਕਤੀ ਵੀ ਉਥੇ ਆਪਣੀ ਜੈੱਨ ਗੱਡੀ ’ਤੇ ਪਹੁੰਚ ਗਏ। ਹੈਰਾਨੀ ਦੀ ਗੱਲ ਸੀ ਕਿ ਥਾਣੇਦਾਰ ਨੇ ਕਾਰਵਾਈ ਕਰਨ ਦੀ ਥਾਂ ਇਨ੍ਹਾਂ ਦੋਵਾਂ ਵਿਅਕਤੀਆਂ ਨਾਲ ਗੱਡੀ ਵਿੱਚ ਬੈਠ ਗਿਆ ਤੇ ਉਨ੍ਹਾਂ ਦੇ ਨਾਲ ਹੀ ਚਲਾ ਗਿਆ। ਇੱਕ ਘੰਟੇ ਬਾਅਦ ਪਿੰਡ ਵਾਸੀਆਂ ਨੂੰ ਥਾਣੇ ਬੁਲਾਇਆ ਗਿਆ ਪਰ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ। ਜਿਸ ਤੋਂ ਦੁਖੀ ਹੋ ਕੇ ਪਿੰਡ ਵਾਸੀਆਂ ਨੇ ਸਿੱਧੂਪੁਰ ਜਥੇਬੰਦੀ ਦੇ ਸਹਿਯੋਗ ਨਾਲ ਧਰਨਾ ਲਗਾ ਕੇ ਦੋਵੇਂ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਪੁਲੀਸ ਵੱਲੋਂ ਦੋਵੇਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕ ਲਿਆ।
ਨਾਜਾਇਜ਼ ਸ਼ਰਾਬ ਸਮੇਤ ਕਾਬੂ
ਭਦੌੜ (ਪੱਤਰ ਪ੍ਰੇਰਕ) ਪੁਲੀਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ ਤੇ ਦੂਜਾ ਵਿਅਕਤੀ ਅਜੇ ਪੁਲੀਸ ਦੀ ਪਕੜ ਤੋਂ ਬਾਹਰ ਹੈ। ਥਾਣਾ ਮੁਖੀ ਬਲਤੇਜ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਹੱਲਾ ਢੀਂਡਸਾ ਵਿੱਚ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐੱਸ.ਆਈ. ਮੱਘਰ ਸਿੰਘ ਨੇ ਸਣੇ ਪੁਲੀਸ ਕੁਲਵੰਤ ਸਿੰਘ ਉਰਫ ਗੱਗੂ ਮੁਹੱਲਾ ਢੀਂਡਸਾ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਤੇ ਖਾਲੀ ਪਲਾਟ ’ਚੋਂ 168 ਬੋਤਲਾਂ ਸ਼ਰਾਬ ਬਰਾਮਦ ਕੀਤੀ।