ਪਰਸ਼ੋਤਮ ਬੱਲੀ
ਬਰਨਾਲਾ, 23 ਜੁਲਾਈ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ ਇਥੇ ਰੇਲਵੇ ਸਟੇਸ਼ਨ ’ਤੇ 296 ਦਿਨਾਂ ਤੋਂ ਲੱਗਾ ਸਾਂਝਾ ਕਿਸਾਨ ਧਰਨਾਂ ਬਾਦਸਤੂਰ ਜਾਰੀ ਹੈ। ਅੱਜ ਬੁਲਾਰਿਆ ਜਿਥੇ ਇਨਕਲਾਬੀ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਜਨਮ ਦਿਵਸ ਮੌਕੇ ਯਾਦ ਕੀਤਾ, ਉੱਥੇ ਭਾਜਪਾ ਦੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਬੀਤੇ ਕਿਸਾਨਾਂ ਨੂੰ ‘ਮਵਾਲੀ’ ਕਹੇ ਜਾਣ ‘ਤੇ ਇਸ ਨੂੰ ਕਿਸਾਨੀ ਅੰਦੋਲਨ ਤੋਂ ਹਾਕਮ ਪਾਰਟੀ ਅੰਦਰ ਪੈਦਾ ਹੋਈ ਬੁਖਲਾਹਟ ਦੱਸਿਆ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਲਵੰਤ ਸਿੰਘ ਜਥੇਦਾਰ, ਬਿੱਕਰ ਸਿੰਘ ਔਲਖ, ਬਲਜੀਤ ਸਿੰਘ ਚੌਹਾਨਕੇ, ਗੁਰਜੰਟ ਸਿੰਘ ਟੀਐਸਯੂ, ਰਣਧੀਰ ਸਿੰਘ ਰਾਜਗੜ੍ਹ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ ਤੇ ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਅੱਜ ਬੁੱਧ ਸਿੰਘ ਢਪਾਲੀ ਨੇ ਕਵੀਸ਼ਰੀ ਨਾਲ ਸਰੋਤਿਆਂ ‘ਚ ਜੋਸ਼ ਭਰਿਆ।