ਖੇਤਰੀ ਪ੍ਰਤੀਨਿਧ
ਬਰਨਾਲਾ, 2 ਜੂਨ
ਸਿਹਤ ਵਿਭਾਗ ਬਰਨਾਲਾ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਤੇ ਹਸਪਤਾਲਾਂ ਦੀ ਸਾਫ਼-ਸਫ਼ਾਈ ਵਿੱਚ ਅੱਗੇ ਵੱਲ ਕਦਮ ਵਧਾਉਂਦਾ ਜਾ ਰਿਹਾ ਹੈ। ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਾਲ 2021-22 ਦੇ ਹੋਏ ਕਾਇਆਕਲਪ ਮੁਕਾਬਲਿਆਂ ਵਿੱਚ ਜ਼ਿਲ੍ਹਾ ਹਸਪਤਾਲ ਪੱਧਰ ਅਤੇ ਇਕੋ ਫਰੈਂਡਲੀ ਕੈਟਾਗਰੀ ਵਿੱਚ ਸਿਵਲ ਹਸਪਤਾਲ ਬਰਨਾਲਾ ਨੇ ਪਹਿਲੇ ਨੰਬਰ ਸਣੇ 60 ਲੱਖ ਇਨਾਮ ਰਾਸ਼ੀ, ਸੀ.ਐੱਚ.ਸੀ. ਪੱਧਰ ਇਕੋ ਫਰੈਂਡਲੀ ਕੈਟਾਗਰੀ ਹਸਪਤਾਲਾਂ ਵਿੱਚ ਚੰਨਣਵਾਲ ਨੇ ਪਹਿਲੇ ਨੰਬਰ ਸਣੇ 10 ਲੱਖ ਇਨਾਮੀ ਰਾਸ਼ੀ ਪ੍ਰਾਪਤ ਕੀਤੀ ਹੈ।
ਡਾ. ਔਲਖ ਨੇ ਦੱਸਿਆ ਕਿ ਕਾਇਆਕਲਪ ਦੀਆਂ ਹੋਰ ਵੱਖ-ਵੱਖ ਕੈਟਾਗਰੀ ਦੇ ਮੁਕਾਬਲਿਆਂ ਵਿੱਚ ਸਿਹਤ ਵਿਭਾਗ ਬਰਨਾਲਾ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਸੀ.ਐੱਚ.ਸੀ. ਚੰਨਣਵਾਲ ਤੀਸਰੇ ਨੰਬਰ ਸਮੇਤ 1 ਲੱਖ ਇਨਾਮੀ ਰਾਸੀ, ਸਬ-ਡਿਵੀਜ਼ਨ ਹਸਪਤਾਲ ਤਪਾ ਛੇਵੇਂ ਨੰਬਰ ਸਮੇਤ 1 ਲੱਖ ਇਨਾਮੀ ਰਾਸ਼ੀ, ਸੀ.ਐੱਚ.ਸੀ. ਧਨੌਲਾ ਬਾਰ੍ਹਵੇਂ ਨੰਬਰ ਸਮੇਤ 1 ਲੱਖ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ ਹੈ।
ਸਿਵਲ ਸਰਜਨ ਨੇ ਇਸ ਪ੍ਰਾਪਤੀ ਲਈ ਨੋਡਲ ਅਫ਼ਸਰ ਡਾ. ਗੁਰਮਿੰਦਰ ਕੌਰ ਔਜਲਾ, ਡਾ. ਜੋਤੀ ਕੌਸ਼ਲ ਐੱਸ.ਐੱਮ.ਓ, ਡਾ. ਭਵਨਜੋਤ ਸਿੰਘ ਏ.ਐੱਚ.ਏ. ਬਰਨਾਲਾ ਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ।