ਪਰਸ਼ੋਤਮ ਬੱਲੀ
ਬਰਨਾਲਾ, 13 ਅਕਤੂਬਰ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲੱਗੇ ਧਰਨੇ ਦੇ 378ਵੇਂ ਦਿਨ ਅੱਜ ਲੋਕ ਲਹਿਰਾਂ ਦੇ ਨਾਇਕ ਮੱਘਰ ਸਿੰਘ ਕੁਲਰੀਆਂ ਦੀ 10ਵੀਂ ਬਰਸੀ ਮਨਾਈ ਗਈ। ਕਿਸਾਨ ਆਗੂ ਕੁਲਰੀਆਂ 27 ਅਕਤੂਬਰ 2011 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਨਜ਼ਦੀਕੀ ਸਾਥੀ ਤੇ ‘ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ’ ਦੇ ਕੌਮੀ ਨੇਤਾ ਇੰਜਨੀਅਰ ਸੱਜਣ ਕੁਮਾਰ ਨੇ ਲੋਕ ਘੋਲਾਂ ਵਿੱਚ ਕੁਲਰੀਆਂ ਵੱਲੋਂ ਪਾਏ ਯੋਗਦਾਨ ਬਾਰੇ ਚਰਚਾ ਕੀਤੀ।ਇਸ ਮੌਕੇ ਬੁਲਾਰਿਆਂ ਨੇ ਉਨ੍ਹਾਂ ਦੀ ਪਤਨੀ ਗਮਦੂਰ ਕੌਰ ਵੱਲੋਂ ਲੋਕ ਘੋਲਾਂ ਵਿੱਚ ਪਾਏ ਯੋਗਦਾਨ ਦੀ ਵਿਸ਼ੇਸ਼ ਚਰਚਾ ਕੀਤੀ। ਅੱਜ ਦੇ ਹੋਰ ਬੁਲਾਰਿਆਂ ’ਚ ਸੁਖਦੇਵ ਭੋਪਾਲ, ਮੇਲਾ ਸਿੰਘ ਕੱਟੂ, ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ,ਗੁਰਦੇਵ ਸਿੰਘ ਮਾਂਗੇਵਾਲ,ਸੱਜਣ ਕੁਮਾਰ, ਗੁਰਨਾਮ ਸਿੰਘ ਠੀਕਰੀਵਾਲਾ, ਉਜਾਗਰ ਸਿੰਘ ਬੀਹਲਾ, ਗੁਰਦਰਸ਼ਨ ਸਿੰਘ ਖੱਟੜਾ, ਬਾਬੂ ਸਿੰਘ ਖੁੱਡੀ ਕਲਾਂ,ਅਮਰਜੀਤ ਕੌਰ,ਮਨਜੀਤ ਰਾਜ ਤੇ ਜਸਵੀਰ ਖੇੜੀ ਵੀ ਸ਼ਾਮਲ ਸਨ। ਮੱਘਰ ਕੁਲਰੀਆਂ ਦੇ ਪਰਿਵਾਰ ਤੇ ਸਾਥੀਆਂ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ। ਅਜਮੇਰ ਅਕਲੀਆ, ਸੁਦਾਗਰ ਸਿੰਘ ਟੱਲੇਵਾਲ, ਜਯੋਤੀ ਨੇ ਇਨਕਲਾਬੀ ਗੀਤ ਸੁਣਾਏ।