ਪਰਸ਼ੋਤਮ ਬੱਲੀ
ਬਰਨਾਲਾ, 12 ਅਪਰੈਲ
ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਲਟਕਦੇ ਮਸਲਿਆਂ ਦੇ ਨਿਪਟਾਰੇ ਲਈ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਤੋਂ ਮੀਟਿੰਗ ਵਾਸਤੇ ਸਮਾਂ ਨਾ ਦਿੱਤੇ ਜਾਣ ਤੋਂ ਨਿਰਾਸ਼ ਹੋ ਕੇ 15 ਅਪਰੈਲ ਨੂੰ ਮੰਤਰੀ ਦੀ ਬਰਨਾਲਾ ਰਿਹਾਇਸ਼’ਤੇ ਪੁੱੱਜਣ ਦਾ ਫੈਸਲਾ ਲਿਆ ਗਿਆ। ਮੋਰਚੇ ਦੇ ਕਨਵੀਨਰ ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਬਾਜ਼ ਸਿੰਘ ਖਹਿਰਾ ਨੇ ਕਿਹਾ ਇਕਾਈ ਜ਼ਿਲ੍ਹਾ ਬਰਨਾਲਾ ਇਕਾਈ ਆਗੂਆਂ ਰਾਹੀਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਅਧਿਆਪਕਾਂ ਦੀਆਂ ਗ਼ੈਰਵਿਦਿਅਕ ਡਿਊਟੀਆਂ ‘ਤੇ ਪੂਰਨ ਪਾਬੰਦੀ ਲਗਾਉਣ, ਪੈਂਡਿੰਗ ਪ੍ਰਮੋਸ਼ਨਾਂ ਮੁਕੰਮਲ ਕਰਨ, ਸੀਨੀਆਰਤਾ ਸੂਚੀਆਂ ਅਪਡੇਟ ਕਰਨ, ਹੋਈਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਕਰਨ ਤੇ ਰਹਿੰਦੇ ਅਧਿਆਪਕਾਂ ਨੂੰ ਮੌਕਾ ਦੇਣ, ਸੰਘਰਸ਼ੀ ਵਿਕਟੇਮਾਈਜ਼ੇਸ਼ਨਾਂ ਤੇ ਪੁਲੀਸ ਕੇਸ ਰੱਦ ਕਰਨ, ਸਕੂਲਾਂ ਤੋਂ ਬਾਹਰ ਹਜ਼ਾਰਾਂ ਅਧਿਆਪਕਾਂ ਨੂੰ ਪਿਤਰੀ ਸਕੂਲਾਂ ਵਿਚ ਵਾਪਿਸ ਭੇਜਣ, ਸਕੂਲੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਕਾਰਜਕਾਲ ਦੀ ਜਾਂਚ ਕਰਨ, ਸਰਕਾਰੀ ਖ਼ਜ਼ਾਨੇ ਵਿੱਚੋਂ ਤਨਖ਼ਾਹ ਲੈਣ ਵਾਲੇ ਸਾਰੇ ਵਿਧਾਇਕਾਂ, ਮੰਤਰੀਆਂ, ਅਫ਼ਸਰਾਂ ਤੇ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨਾ ਯਕੀਨੀ ਬਣਾਉਣ, ਕੱਚੇ ਅਧਿਆਪਕ-ਨਾਨ ਟੀਚਿੰਗ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ‘ਤੇ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਛੇਵਾਂ ਪੰਜਾਬ ਤਨਖਾਹ ਕਮਿਸ਼ਨ ਸੋਧ ਕੇ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਟੇ ਭੱਤੇ ਬਹਾਲ ਕਰਨ, ਨਵੀਆਂ ਭਰਤੀਆਂ ‘ਤੇ ਪੰਜਾਬ ਦੇ ਤਨਖ਼ਾਹ ਸਕੇਲ ਲਾਗੂ ਕਰਨ ਅਤੇ ਸਾਰੀਆਂ ਖਾਲੀ ਆਸਾਮੀਆਂ ਲਈ ਨਵੀਂਆਂ ਭਰਤੀਆਂ ਮੁਕੰਮਲ ਕਰਨ ਲਟਕਦੀਆਂ ਮੰਗਾਂ ਸਬੰਧੀ ਵਿਸਥਾਰਿਤ ਚਰਚਾ ਹਿੱਤ ਮੀਟਿੰਗ ਲਈ ਸਮਾਂ ਮੰਗਿਆ ਗਿਆ ਸੀ ਪਰ ਮੰਤਰੀ ਵੱਲੋਂ ਕੋਈ ਢੁਕਵਾਂ ਹੁੰਗਾਰਾ ਨਾ ਮਿਲਿਆ। ਆਗੂ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿਚ ਸੂਬਾਈ ਆਗੂਆਂ ਮੀਟਿੰਗ ਕਰਕੇ 15 ਅਪਰੈਲ ਨੂੰ ਵੱਡੇ ਵਫ਼ਦ ਦੇ ਰੂਪ ‘ਚ ਸਿੱਖਿਆ ਮੰਤਰੀ ਦੀ ਬਰਨਾਲਾ ਰਿਹਾਇਸ਼ ‘ਤੇ ਪੁੱਜ ਕੇ ਇਤਰਾਜ਼ ਦਰਜ ਕਰਵਾਉਣ ਅਤੇ ‘ਮੰਗ ਪੱਤਰ’ ਸੌਂਪਣ ਦਾ ਫ਼ੈਸਲਾ ਲਿਆ ਗਿਆ ਹੈ।
ਇਸ ਮੌਕੇ ਹਾਜ਼ਰ ਸੁਰਿੰਦਰ ਪੁਆਰੀ, ਹਰਜੀਤ ਸਿੰਘ ਬਸੋਤਾ, ਜਸਵਿੰਦਰ ਔਲਖ, ਹਰਵਿੰਦਰ ਬਿਲਗਾ, ਅਮਨਬੀਰ ਗੁਰਾਇਆ, ਸੁਖਰਾਜ ਕਾਹਲੋ, ਹਰਜੀਤ ਜੁਨੇਜਾ ਅਤੇ ਪਰਮਵੀਰ ਸਿੰਘ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਜ਼ਿਆਦਾਤਰ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਗਈਆਂ। ਨਵੀਂ ਬਣੀ ‘ਆਪ’ ਸਰਕਾਰ ਤੋਂ ਮੰਗਾਂ ਦੇ ਹੱਲ ਦੀ ਆਸ ਜ਼ਰੂਰ ਹੈ।