ਪਰਸ਼ੋਤਮ ਬੱਲੀ
ਬਰਨਾਲਾ, 2 ਸਤੰਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਰੇਲਵੇ ਸਟੇਸ਼ਨ ‘ਤੇ ਲੱਗੇ ਸੰਯੁਕਤ ਧਰਨੇ ਦੌਰਾਨ ਅੱਜ 337ਵੇਂ ਦਿਨ ਦੇ ਬੁਲਾਰਿਆਂ ਨੇ ਦਿੱਲੀ ਪੁਲੀਸ ਵੱਲੋਂ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਕਿਸਾਨਾਂ ਨੂੰ ਦੁਬਾਰਾ ਨੋਟਿਸ ਭੇਜਣ ਬਾਰੇ ਚਰਚਾ ਤੇ ਸਖ਼ਤ ਨਿਖੇਧੀ ਕੀਤੀ ਗਈ। ਆਗੂਆਂ ਨੇ ਨੋਟਿਸਾਂ ਨੂੰ ਬਦਲਾ-ਲਊ, ਦਹਿਸ਼ਤਨੁਮਾ ਤੇ ਭੜਕਾਊ ਕਾਰਵਾਈ ਕਰਾਰ ਦਿੱਤਾ। ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ, ਰਣਧੀਰ ਸਿੰਘ ਰਾਜਗੜ੍ਹ, ਨਛੱਤਰ ਸਿੰਘ ਸਹੌਰ, ਬਲਵਿੰਦਰ ਸਿੰਘ,ਜਸਪਾਲ ਚੀਮਾ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ ਸੁਰਜੀਤਪੁਰਾ, ਮਨਜੀਤ ਕੌਰ ਖੁੱਡੀ ਕਲਾਂ, ਬਲਵੀਰ ਕੌਰ ਕਰਮਗੜ੍ਹ, ਜਸਵੀਰ ਸਿੰਘ ਖੇੜੀ, ਮਿਲਖਾ ਸਿੰਘ ਤੇ ਚਰਨਜੀਤ ਕੌਰ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਡੇਰਾ ਬਾਬਾ ਬੀਰਮ ਦਾਸ ਦੇ ਮਹੰਤ ਭਗਵਾਨ ਦਾਸ ਨੇ ਲੱਡੂਆਂ ਦਾ ਲੰਗਰ ਲਾਇਆ। ਅੱਜ ਗੁਰਮੇਲ ਸਿੰਘ ਕਾਲੇਕੇ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ ਗਾਇਣ ਰਾਹੀਂ ਪੰਡਾਲ ‘ਚ ਜੋਸ਼ ਭਰਿਆ।