ਪਰਸ਼ੋਤਮ ਬੱਲੀ
ਬਰਨਾਲਾ, 25 ਅਗਸਤ
ਬਹੁਜਨ ਸਮਾਜ ਪਾਰਟੀ ਬਰਨਾਲਾ ਇਕਾਈ ਵੱਲੋਂ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਵਿੱਚ ਦਲਿਤ ਵਿਦਿਆਰਥੀ ਦੀ ਘੜੇ ਵਿੱਚੋਂ ਪਾਣੀ ਪੀਣ ਕਾਰਨ ਕੀਤੀ ਹੱਤਿਆ ਦੇ ਵਿਰੋਧ ’ਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਕਰਕੇ ਤਹਿਸੀਲਦਾਰ ਦਿੱਵਿਆ ਸਿੰਗਲਾ ਨੂੰ ਮੰਗ-ਪੱਤਰ ਸੌਂਪਿਆ। ਪਾਰਟੀ ਦੇ ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ ਤੇ ਜ਼ਿਲ੍ਹਾ ਪ੍ਰਧਾਨ ਮੇਵਾ ਸਿੰਘ ਧਨੌਲਾ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਬੀਤਣ ਦੇ ਬਾਵਜੂਦ ਦਲਿਤ ਵਰਗ ਅੱਜ ਭਾਰਤ ਵਿਚ ਸੁਰੱਖਿਅਤ ਨਹੀਂ ਹੈ। ਜਨਰਲ ਸਕੱਤਰ ਜਗਰੂਪ ਸਿੰਘ ਪੱਖੋ ਨੇ ਕਿਹਾ ਕਿ ਮਨੂਵਾਦੀ ਸੋਚ ਦੇ ਧਾਰਨੀ ਮੁਲਜ਼ਮ ਅਧਿਆਪਕ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਮੰਗ ਕੀਤੀ ਕਿ ਰਾਜਸਥਾਨ ਸਰਕਾਰ ਨੂੰ ਬਰਖ਼ਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਅਤੇ ਸੂਬੇ ਵਿੱਚ ਦਲਿਤ ਭਾਈਚਾਰੇ ਦੇ ਰਹਿਣ ਲਈ ਮਾਹੌਲ ਸਾਜ਼ਗਾਰ ਬਣਾਇਆ ਜਾਵੇ। ਇਸ ਮੌਕੇ ਜਥੇਦਾਰ ਹਰਬੰਸ ਸਿੰਘ ਛੀਨੀਵਾਲ, ਰਾਜ ਸਿੰਘ, ਗੁਰਪ੍ਰੀਤ ਸਿੰਘ ਸਰਪੰਚ, ਜੋਗਿੰਦਰ ਸਿੰਘ, ਸੁਰਿੰਦਰ ਕੌਰ, ਜਗਜੀਤ ਸੂਹੀਆ, ਬੂਟਾ ਸਿੰਘ ਚੀਮਾ, ਨਛੱਤਰ ਕੋਟਦੁੱਨਾ, ਹਰਬੰਸ ਕੌਰ, ਸੁਖਵਿੰਦਰ ਕੌਰ ਤੇ ਪਿਆਰਾ ਸਿੰਘ ਹਾਜ਼ਰ ਸਨ।