ਰਵਿੰਦਰ ਰਵੀ
ਬਰਨਾਲਾ, 9 ਅਗਸਤ
ਸ਼ਹਿਰ ਦੀ ਸੰਘਣੀ ਆਬਾਦੀ ‘ਚ ਸਥਿਤ ਹੰਡਿਆਇਆ ਬਾਜ਼ਾਰ ਵਿੱਚ ਦਿਨ ਦਿਹਾੜੇ ਸੁੱਤੇ ਪਏ ਪਰਿਵਾਰ ਦੇ ਘਰੋਂ ਚੋਰਾਂ ਨੇ 10 ਤੋਲਾ ਸੋਨੇ ਦੇ ਗਹਿਣੇ ਤੇ ਕੁਝ ਨਕਦੀ ’ਤੇ ਹੱਥ ਸਾਫ਼ ਕਰ ਦਿੱਤਾ। ਇਸ ਤੋਂ ਇਲਾਵਾ 22 ਏਕੜ ਕਾਲੋਨੀ ਵਿੱਚ ਪਲਾਸਟਿਕ ਦੇ ਡਿਸ਼ਪੋਜ਼ਲ ਦਾ ਕੰਮ ਕਰਦੇ ਦੁਕਾਨਦਾਰ ਤੋਂ 45 ਸਾਲਾਂ ਦਾ ਲੁਟੇਰਾ 22 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਿਆ। ਪੁਲੀਸ ਹਾਲੇ ਤੱਕ ਕਿਸੇ ਵੀ ਮੁਲਜ਼ਮ ਦੀ ਪੈੜ ਨਹੀਂ ਨੱਪ ਸਕੀ ਹੈ।
ਸਥਾਨਕ ਹੰਡਿਆਇਆ ਬਾਜ਼ਾਰ ਵਿੱਚ ਪ੍ਰੇਮ ਲੈਬੋਰੇਟਰੀ ਦੇ ਸਾਹਮਣੇ ਪਿਛਲੇ 50 ਸਾਲਾਂ ਤੋਂ ਰਹਿ ਰਹੇ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਤੀਜੀ ਮੰਜ਼ਿਲ ’ਤੇ ਰਹਿੰਦਾ ਹੈ ਅਤੇ ਅੱਜ ਦੁਪਹਿਰ ਵੇਲੇ ਉਹ ਤੇ ਪਤਨੀ ਖਾਣਾ ਖਾ ਕੇ ਸੌਂ ਗਏ ਜਦੋਂ ਤਿੰਨ ਵਜੇ ਅੱਖ ਖੁੱਲੀ ਤਾਂ ਦੇਖਿਆ ਕਿ ਅਲਮਾਰੀ ਖੁੱਲੀ ਪਈ ਸੀ ਅਤੇ ਉਸ ‘ਚ ਪਏ ਸੋਨੇ ਦੇ 10 ਤੋਲੇ ਦੇ ਕਰੀਬ ਗਹਿਣੇ ਤੇ ਕੁੱਝ ਨਕਦੀ ਗਾਇਬ ਸੀ।
ਦੂਜੀ ਘਟਨਾ 22 ਏਕੜ ਵਿਖੇ ਪਲਾਸਟਿਕ ਦੇ ਡਿਸ਼ਪੋਜ਼ਲ ਦਾ ਕੰਮ ਕਰਦੇ ਮੋਹਿਤ ਕੁਮਾਰ ਨੇ ਦੱਸਿਆ ਕਿ ਜਦੋਂ ਦੁਕਾਨ ਬੰਦ ਕਰ ਰਿਹਾ ਸੀ ਤਾਂ 45 ਸਾਲ ਦਾ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਐੱਨਆਰਆਈ ਦੱਸ ਰਿਹਾ ਸੀ, ਦੁਕਾਨ ਤੋਂ ਸਾਮਾਨ ਦੀ ਮੰਗ ਕਰਨ ਲੱਗਾ ਤੇ ਖੁੱਲੇ ਪੈਸਿਆਂ ਦੀ ਮੰਗ ਕੀਤੀ। ਜਦੋਂ ਮੈ ਪੈਸੇ ਮੋੜਨ ਲੱਗਾ ਤਾਂ ਉਸ ਝਪਟਾ ਮਾਰ ਕੇ 22 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਿਆ। ਦੋਵੇਂ ਪੀੜਤਾਂ ਨੇ ਪੁਲੀਸ ਕੋਲ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ ਅਤੇ ਚੋਰ ਤੇ ਲੁਟੇਰੇ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਡੀਐੱਸਪੀ ਲਖਵੀਰ ਸਿੰਘ ਟਿਵਾਣਾ ਨੇ ਦਾਅਵਾ ਕੀਤਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।