ਜਗਤਾਰ ਸਮਾਲਸਰ
ਏਲਨਾਬਾਦ, 23 ਸਤੰਬਰ
ਸ਼ਹਿਰ ਦੀ ਅਨਾਜ ਮੰਡੀ ਵਿਚ ਕੰਮ ਕਰਨ ਵਾਲੇ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਅਣਗਿਣਤ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸਬੰਧੀ ਅਰਧ ਨਗਨ ਹੋ ਕੇ ਪੂਰੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ। ਮਜ਼ਦੂਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇ ਲਾਉਂਦਿਆਂ ਆੜ੍ਹਤੀ ਐਸੋਸੀਏਸ਼ਨ ਅਤੇ ਮੰਡੀ ਪ੍ਰਸ਼ਾਸਨ ਖ਼ਿਲਾਫ਼ ਭੜਾਸ ਕੱਢੀ।
ਮਜ਼ਦੂਰਾਂ ਨੇ ਦੱਸਿਆ ਕਿ ਉਹ ਅਨਾਜ ਮੰਡੀ ਵਿਚ ਮਜ਼ਦੂਰੀ ਦੀ ਆਸ ਵਿਚ ਆਉਂਦੇ ਹਨ ਪਰ ਮੰਡੀ ਵਿਚ ਆਉਣ ਵਾਲਾ ਮਾਲ ਸਿੱਧਾ ਫੈਕਟਰੀ ਵਿਚ ਪੁੱਜ ਰਿਹਾ ਹੈ। ਫੈਕਟਰੀ ਮਾਲਕ ਜੇਸੀਬੀ ਨਾਲ ਸਾਰਾ ਮਾਲ ਉਤਰਵਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਮਜ਼ਦੂਰੀ ਨਹੀਂ ਬਣ ਰਹੀ। ਫੈਕਟਰੀ ਮਾਲਕਾਂ ਅਤੇ ਆੜ੍ਹਤੀਆਂ ਦੀ ਕਥਿਤ ਮਿਲੀਭੁਗਤ ਕਾਰਨ ਮੰਡੀ ਵਿਚ ਮਜ਼ਦੂਰਾਂ ਦਾ ਕੋਈ ਕੰਮ ਨਹੀਂ ਰਹਿ ਗਿਆ। ਉਹ ਆੜ੍ਹਤੀਆਂ ਦੀਆਂ ਦੁਕਾਨਾਂ ਉੱਤੇ ਬਿਨਾਂ ਤਨਖਾਹ ਤੋਂ ਨੌਕਰੀ ਕਰਦੇ ਹਨ ਪਰ ਹੁਣ ਆੜ੍ਹਤੀਏ ਵੀ ਉਨ੍ਹਾਂ ਦੀ ਸਮੱਸਿਆ ਨਹੀਂ ਸੁਣ ਰਹੇ। ਇਸ ਕਾਰਨ ਮਜ਼ਦੂਰ ਆਪਣੇ ਪਰਿਵਾਰ ਪਾਲਣ ਤੋਂ ਵੀ ਅਸਮਰੱਥ ਹੋ ਗਏ ਹਨ। ਮਜ਼ਦੂਰਾਂ ਨੇ ਚਿਤਵਨੀ ਦਿੱਤੀ ਕਿ ਜੇ ਜਲਦੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਦੇ ਹੋਏ ਸੜਕ ਜਾਮ ਕਰਨਗੇ।