ਇਕਬਾਲ ਸਿੰਘ ਸ਼ਾਂਤ
ਲੰਬੀ, 12 ਮਈ
ਪੰਜਾਬ ਦੇ ਸਹਿਕਾਰੀ ਬੈਂਕਾਂ ਦੇ ਮੁਲਾਜ਼ਮ ‘ਸ਼ਾਹੀ’ ਸੰਘਰਸ਼ ਕਰ ਰਹੇ ਹਨ। ਛੇਵੇਂ ਤਨਖ਼ਾਹ ਕਮਿਸ਼ਨ ਲਈ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਬੈਂਕਾਂ ਵਿੱਚ ਸਰਕਾਰੀ ਖਰਚੇ ’ਤੇ ਏ.ਸੀ. ਦੀ ਠੰਢੀ ਹਵਾ ਹੇਠ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬੈਂਕ ਦੇ ਬੰਦ ਕੰਮਕਾਜ ਨੂੰ ਚਾਲੂ ਕਰਵਾਉਣ ਲਈ ਕਿਸਾਨ ਤੇ ਸਹਿਕਾਰੀ ਸੁਸਾਇਟੀਆਂ ਦੇ ਮੁਲਾਜ਼ਮ ਬੈਂਕ ਦੇ ਬਾਹਰ ਅਤਿ ਦੀ ਗਰਮੀ ’ਚ ਸੰਕੇਤਕ ਧਰਨਾ ਲਗਾ ਰਹੇ ਹਨ। ਇਹ ਨਜ਼ਾਰਾ ਮੰਡੀ ਕਿੱਲਿਆਂਵਾਲੀ ਦੇ ਸਹਿਕਾਰੀ ਬੈਂਕ ਵਿੱਚ ਵੇਖਣ ਨੂੰ ਮਿਲਿਆ। ਬਰਾਂਚ ’ਚ ਮੈਨੇਜਰ ਸਣੇ ਚਾਰ ਮੁਲਾਜ਼ਮ ਹਨ। ਹੜਤਾਲ ਦੌਰਾਨ ਬੀਤੇ ਪਰਸੋਂ ਤੋਂ ਬੈਂਕ ਕੰਮਕਾਜ ਬੰਦ ਹੈ। ਮੌਜੂਦ ਅਮਲਾ ਹੜਤਾਲ ਤਹਿਤ ਸੀਟਾਂ ’ਤੇ ਵਹਿ ਕੇ ਮੋਬਾਈਲ ਫੋਨ ’ਤੇ ਉਂਗਲਾਂ ਚਲਾ ਰਿਹਾ ਹੈ ਪਰ ਆਮ ਜਨਤਾ ਦਾ ਕੰਮ ਨਹੀਂ ਹੋ ਰਿਹਾ। ਬੈਂਕ ਦੇ ਕਈ ਏਸੀ ਅਤੇ ਬਿਜਲਈ ਸਾਜੋ-ਸਾਮਾਨ ਰੂਟੀਨ ਵਾਂਗ ਚੱਲ ਰਹੇ ਹਨ। ਬੈਂਕ ਦੇ ਬਾਹਰ ਸੰਕੇਤਕ ਧਰਨੇ ’ਤੇ ਬੈਠੇ ਕਿੱਲਿਆਂਵਾਲੀ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਭਾਟੀ, ਗੁਰਸੇਵਕ ਸਿੰਘ ਮਿਠੜੀ, ਰਾਮਜੀ ਭਾਟੀ ਨੇ ਕਿਹਾ ਕਿ ਮੁਲਾਜ਼ਮ ਬੈਂਕ ’ਚ ਏਸੀ ਦੀ ਠੰਡੀ ਹਵਾ ’ਚ ਬੈਠ ਕੇ ਹੜਤਾਲ ਕਰ ਰਹੇ ਹਨ, ਜਦਕਿ ਗਾਹਕ ਕਿਸਾਨਾਂ ਨੂੰ ਖਾਦ ਅਤੇ ਨਕਦ ਲੈਣ ’ਚ ਪ੍ਰੇਸ਼ਾਨੀ ਆ ਰਹੀ ਹੈ। ਦੂਜੇ ਪਾਸੇ ਸਹਾਇਕ ਮੈਨੇਜਰ ਰੀਟਾ ਰਾਣੀ ਨੇ ਕਿਹਾ ਕਿ ਮੈਨੇਜਰ ਸਾਬ੍ਹ ਨੇ ਬੈਂਕ ਬੰਦ ਨਾ ਕਰਨ ਲਈ ਆਖਿਆ ਹੋਇਆ ਹੈ। ਇਸੇ ਕਰਕੇ ਹੜਤਾਲ ਦੇ ਬਾਵਜੂਦ ਬੈਂਕ ’ਚ ਬੈਠੇ ਹਨ, ਬਾਕੀ ਤੁਸੀਂ ਉਨ੍ਹਾਂ ਨੂੰ ਪੁੱਛ ਲਵੋ।