ਪੱਤਰ ਪ੍ਰੇਰਕ
ਮਹਿਲ ਕਲਾਂ, 1 ਜੂਨ
ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਪਿੰਡ ਸਹਿਜੜਾ ਨਜ਼ਦੀਕ ਇੱਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਬੈਂਕ ਮੁਲਾਜ਼ਮ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨਿਤਿਨ ਮਹੇ (22) ਪੁੱਤਰ ਸਰਬਜੀਤ ਕੁਮਾਰ ਵਾਸੀ ਨਿਹਾਲੂਵਾਲ (ਬਲਾਕ ਮਹਿਲ ਕਲਾਂ) ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦਾ ਸੀ ਅਤੇ ਬੀਤੀ ਦੇਰ ਰਾਤ ਉਹ ਮੋਟਰਸਾਈਕਲ ਰਾਹੀਂ ਬਰਨਾਲਾ ਤੋਂ ਆਪਣੇ ਪਿੰਡ ਨਿਹਾਲੂਵਾਲ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਕਿਸੇ ਅਣਪਛਾਤੇ ਵਹੀਕਲ ਵੱਲੋਂ ਫੇਟ ਮਾਰਨ ਕਰਕੇ ਉਸ ਦਾ ਮੋਟਰਸਾਈਕਲ ਖੇਤਾਂ ਵਿੱਚ ਜਾ ਡਿੱਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦਾ ਪਤਾ ਅੱਜ ਸਵੇਰੇ ਲੱਗਾ ਹੈ।
ਇਸ ਸਬੰਧੀ ਪੁਲੀਸ ਥਾਣਾ ਮਹਿਲ ਕਲਾਂ ਦੇ ਏਐੱਸਆਈ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਸਰਕਾਰੀ ਬੱਸ ਦੀ ਫੇਟ ਕਾਰਨ ਇੱਕ ਹਲਾਕ
ਤਪਾ ਮੰਡੀ (ਪੱਤਰ ਪ੍ਰੇਰਕ) ਬਰਨਾਲਾ-ਬਠਿੰਡਾ ਸੜਕ ’ਤੇ ਘੜੈਲੀ ਕੋਲ ਇਕ ਸਰਕਾਰੀ ਬੱਸ ਨੇ ਰਾਹ ਜਾਂਦੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ।ਅੱਜ ਸਵੇਰੇ 6. 20 ਵਜੇ ਕਾਲਾ ਸਿੰਘ ਪੁੱਤਰ ਦੇਸ ਰਾਜ, ਘੁੜੈਲੀ ਰੋਡ, ਵਾਸੀ ਤਪਾ ਮੰਡੀ ਜੋ ਬਾਬਾ ਇੰਦਰ ਦਾਸ ਦੇ ਡੇਰੇ ’ਤੇ ਸੇਵਾ ਕਰਨ ਤੋਂ ਬਾਅਦ ਪੈਲੇਸ ਵਿੱਚ ਕੰਮ ਕਰਦਾ ਸੀ। ਜਦੋਂ ਸੜਕ ਪਾਰ ਕਰਨ ਲੱਗਾ ਤਾਂ ਪੀਆਰਟੀਸੀ ਬੱਸ ਹੇਠਾਂ ਆਉਣ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਬਿੰਦਰ ਸਿੰਘ ਨੇ ਸਰਕਾਰੀ ਬੱਸ ਚਾਲਕਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਸਰਕਾਰੀ ਐਂਬੂਲੈਂਸ 108 ਨੂੰ ਵਾਰ ਵਾਰ ਫੋਨ ਕਰਨ ’ਤੇ ਕੋਈ ਨਹੀਂ ਪੁੱਜਾ। ਲੋਕਾਂ ਨੇ ਕਿਹਾ ਕਿ ਜੇ ਐਂਬੂਲੈਂਸ ਪਹੁੰਚ ਜਾਂਦੀ ਤਾਂ ਇਹ ਨੌਜਵਾਨ ਬਚ ਸਕਦਾ ਸੀ। ਘਟਨਾ ਦਾ ਪਤਾ ਲੱਗਦੇ ਹੀ ਪੁਲੀਸ ਚੌਕੀ ਤਪਾ ਦੇ ਇੰਚਾਰਜ ਗੁਰਪਾਲ ਸਿੰਘ ਸਮੇਤ ਪੁਲਸ ਪਾਰਟੀ ਉੱਥੇ ਪਹੁੰਚ ਗਈ ਜਿਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਦੀ ਲਾਸ਼ ਨੂੰ ਤਪਾ ਦੇ ਹਸਪਤਾਲ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।