ਲਖਵੀਰ ਸਿੰਘ ਚੀਮਾ
ਟੱਲੇਵਾਲ, 17 ਅਗਸਤ
ਕਰੋਨਾ ਕਾਰਨ ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾ ’ਤੇ ਪਾਬੰਦੀ ਵਧਾ ਦਿੱਤੀ ਹੈ। ਪਰ ਇਸ ਪਾਬੰਦੀ ਨੇ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦਾ ਖਰਚਾ ਅਤੇ ਖੱਜਲ ਖ਼ੁਆਰੀ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਕ ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਦੌਰਾਨ ਕੈਨੇਡਾ ਸਰਕਾਰ ਨੇ 21 ਅਪਰੈਲ 2021 ਤੋਂ ਭਾਰਤ ਦੀਆਂ ਸਿੱਧੀਆਂ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਸੀ, ਜੋ ਹੁਣ 21 ਸਤੰਬਰ ਤੱਕ ਲਾਗੂ ਰਹੇਗੀ। ਇਹ ਪਾਬੰਦੀ ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਦੇ ਕਰੋਨਾ ਜਾਂਚ ਅਤੇ ਵੈਕਸੀਨੇਸ਼ਨ ਦੀਆਂ ਗ਼ਲਤ ਰਿਪੋਰਟਾਂ ਦਾ ਸ਼ੱਕ ਪੈਣ ’ਤੇ ਲਗਾਈ ਗਈ ਹੈ। ਇਸ ਪਾਬੰਦੀ ਕਰਕੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਆਪਣਾ ਰਸਤਾ ਬਦਲ ਕੇ ਕੈਨੇਡਾ ਜਾਣਾ ਪੈ ਰਿਹਾ ਹੈ।
ਭਾਰਤ ਤੋਂ ਕੈਨੇਡਾ ਸਿੱਧੀ ਉਡਾਣ ਦਾ ਖਰਚ 70 ਹਜ਼ਾਰ ਤੋਂ ਇੱਕ ਲੱਖ ਰੁਪਏ ਹੈ। ਪਰ ਸਿੱਧੀ ਉਡਾਣ ਬੰਦ ਹੋਣ ਕਾਰਨ ਵਿਦਿਆਰਥੀ ਭਾਰਤ ਤੋਂ ਜਰਮਨੀ, ਮੈਕਸੀਕੋ, ਯੂਕਰੇਨ, ਮਾਲਦੀਪ, ਅਲਵੇਨੀਆ, ਸਰਬੀਆ ਆਦਿ ਦੇਸ਼ਾਂ ਰਾਹੀਂ ਕੈਨੇਡਾ ਜਾ ਰਹੇ ਹਨ, ਜਿਸ ਕਾਰਨ ਟਿਕਟ ’ਤੇ ਤਿੰਨ ਲੱਖ ਰੁਪਏ ਖਰਚਾ ਆ ਰਿਹਾ ਹੈ। ਬਰਨਾਲਾ ਦੇ ਟਰੈਵਲ ਏਜੰਟ ਹੇਮੰਤ ਸ਼ਰਮਾ ਨੇ ਦੱਸਿਆ ਕਿ ਕੈਨੇਡਾ ਜਾਣ ਵਾਲਿਆਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ। ਜਿਨ੍ਹਾਂ ਵਿੱਚੋਂ ਬਹੁਤੇ ਵਾਇਆ ਜਰਮਨੀ ਅਤੇ ਮੈਕਸੀਕੋ ਹੋ ਕੇ ਜਾ ਰਹੇ ਹਨ। ਇਸ ਰਸਤੇ ਕੈਨੇਡਾ ਜਾਣ ’ਤੇ 3 ਤੋਂ ਸਾਢੇ ਤਿੰਨ ਲੱਖ ਰੁਪਏ ਖ਼ਰਚ ਆ ਰਿਹਾ ਹੈੈ, ਜਿਸ ਵਿੱਚ ਹਵਾਈ ਟਿਕਟ ਅਤੇ ਹੋਟਲ ਆਦਿ ਦਾ ਖ਼ਰਚ ਹੈ, ਕਿਉਂਕਿ ਕੈਨੇਡਾ ਪਹੁੰਚਣ ਤੱਕ ਤਿੰਨ ਦਿਨ ਰਸਤੇ ਵਿੱਚ ਲੱਗ ਰਹੇ ਹਨ। ਜਰਮਨੀ ਜਾਂ ਮੈਕਸੀਕੋ ਵਿਖੇ ਵੱਖਰੇ ਤੌਰ ’ਤੇ ਵਿਦਿਆਰਥੀਆਂ ਦਾ ਕਰੋਨਾ ਟੈਸਟ ਹੋ ਰਿਹਾ ਹੈ, ਜਿਸ ਆਧਾਰ ’ਤੇ ਕੈਨੇਡਾ ਦਾਖ਼ਲ ਹੋਣ ਦੀ ਇਜ਼ਾਜਤ ਮਿਲਦੀ ਹੈ। ਜੇਕਰ ਕਰੋਨਾ ਰਿਪੋਰਟ ਪਾਜ਼ੇਟਿਵ ਆ ਜਾਵੇ ਤਾਂ ਖਰਚੇ ਦੇ ਨਾਲ ਖੱਜਲ ਖੁਆਰੀ ਵੱਖਰੀ ਹੋ ਰਹੀ ਹੈੈ। ਬਰਨਾਲਾ ਦੇ ਤੁਸ਼ਾਰ ਗਰਗ ਨੇ ਦੱਸਿਆ ਕਿ ਉਸ ਦੀ 24 ਅਗਸਤ ਦੀ ਕੈਨੇਡਾ ਦੀ ਸਿੱਧੀ ਫ਼ਲਾਇਟ ਦੀ ਟਿਕਟ ਬੁੱਕ ਸੀ। ਪਰ ਸਿੱਧੀਆਂ ਫਲਾਈਟਾਂ ਬੰਦ ਹੋਣ ਕਰਕੇ ਉਸ ਨੂੰ ਕੈਨੇਡਾ ਜਾਣ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਜੇਕਰ ਉਹ ਉਡਾਣ ਬਦਲ ਕੇ ਗਿਆ ਤਾਂ ਸਿੱਧੀ ਫ਼ਲਾਈਟ ਵਾਲੀ ਇਕ ਲੱਖ ਦੀ ਟਿਕਟ ਖੂਹਖਾਤੇ ਪੈ ਜਾਵੇਗੀ, ਜਦਕਿ ਤਿੰਨ ਲੱਖ ਵੱਖਰਾ ਖ਼ਰਚ ਕਰਨਾ ਪਵੇਗਾ। ਪਿੰਡ ਚੀਮਾ ਦੇ ਕਾਕਾ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਭਤੀਜੇ ਨੂੰ ਚਾਰ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਵਾਇਆ ਮੈਕਸੀਕੋ ਤਿੰਨ ਗੁਣੇ ਖਰਚੇ ’ਤੇ ਕੈਨੇਡਾ ਭੇਜਿਆ ਹੈ। ਟਰੈਵਲ ਏਜੰਟ ਬਲਦੇਵ ਸਿੰਘ ਗਾਗੇਵਾਲ ਨੇ ਕਿਹਾ ਕਿ ਕੈਨੇਡਾ ਵੱਲੋਂ ਸਿੱਧੀ ਫ਼ਲਾਈਟ ਬੰਦ ਹੋਣ ਨਾਲ ਭਾਰਤ ਦੀ ਅੰਤਰਰਾਸ਼ਟਰੀ ਪੱਧਰ ’ਤੇ ਬਦਨਾਮੀ ਹੋ ਰਹੀ ਹੈ।