ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਅਪਰੈਲ
ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਅਤੇ ਸੂਬੇ ਵਿੱਚ ਧਾਰਮਿਕ ਗ੍ਰੰਥਾਂ ਦੀ ਦੀਆਂ ਬੇਅਦਬੀਆਂ ਰੋਕਣ ਸਬੰਧੀ ਕਾਨੂੰਨ ਬਣਾਉਣ ਦੀ ਮੰਗ ਲਈ ਅੱਜ ਸਵੇਰੇ ਪੰਜ ਵਜੇ ਪਿੰਡ ਰੋਡੇ ’ਚ ਇੱਕ ਅੰਮ੍ਰਿਤਧਾਰੀ ਵਿਅਕਤੀ ਬਲਵਿੰਦਰ ਸਿੰਘ ਟਾਵਰ ’ਤੇ ਜਾ ਚੜ੍ਹਿਆ। ਪਿੰਡ ਕੋਕਰੀ ਫੂਲਾ ਸਿੰਘ ਦਾ ਇਹ ਵਿਅਕਤੀ ਟਾਵਰ ’ਤੇ ਕੇਸਰੀ ਝੰਡਾ ਲਾ ਕੇ ਬੈਠਾ ਹੈ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਲਿਖੇ ਪੱਤਰ ਵਿੱਚ ਆਪਣੀਆਂ ਮੰਗਾਂ ਦਾ ਜ਼ਿਕਰ ਕੀਤਾ ਹੈ। ਜ਼ਿਕਰਯੋਗ ਹੈ ਕਿ ਕਰੀਬ ਸੱਤ ਸਾਲ ਪਹਿਲਾਂ 1 ਜੂਨ 2015 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਮਾਲ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅਤੇ ਸਿੱਖ ਕੌਮ ਦੀਆਂ ਮੰਗਾਂ ਦੇ ਹੱਕ ਵਿੱਚ ਸੰਘਰਸ਼ ਨੂੰ ਪ੍ਰਚੰਡ ਕਰਨ ਲਈ ਵੀ ਬਲਵਿੰਦਰ ਸਿੰਘ ਟਾਵਰ ’ਤੇ ਚੜ੍ਹ ਚੁੱਕਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ, ਐੱਸਪੀ ਰੁਪਿੰਦਰ ਕੌਰ ਭੱਟੀ, ਐੱਸਡੀਐੱਮ ਸਤਵੰਤ ਸਿੰਘ, ਤਹਿਸੀਲਦਾਰ ਪਵਨ ਗੁਲਾਟੀ ਤੇ ਹੋਰ ਅਧਿਕਾਰੀਆਂ ਨੇ ਉਸ ਨਾਲ ਫੋਨ ’ਤੇ ਗੱਲਬਾਤ ਕੀਤੀ। ਪ੍ਰਸ਼ਾਸਨ ਨੇ ਉਸ ਦੀਆਂ ਮੰਗਾਂ ਕੇਂਦਰ ਸਰਕਾਰ ਤੱਕ ਪੁੱਜਦੀਆਂ ਕਰਨ ਦਾ ਭਰੋਸਾ ਦੇ ਕੇ ਉਸ ਨੂੰ ਹੇਠਾਂ ਆਉਣ ਦੀ ਅਪੀਲ ਕੀਤੀ। ਬਲਵਿੰਦਰ ਸਿੰਘ ਨੇ ਇਸ ਬਾਰੇ ਫ਼ੈਸਲਾ ਸਿੱਖ ਸੰਗਤ ’ਤੇ ਛੱਡ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਸਿੱਖ ਸੰਗਤ ਗੁਰਦੁਆਰੇ ਵਿੱਚ ਮੀਟਿੰਗ ਕਰ ਰਹੀ ਸੀ।