ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 12 ਅਕਤੂਬਰ
ਸਥਾਨਕ ਸ਼ਹਿਰ ਦੇ ਬਠਿੰਡਾ ਬਰਨਾਲਾ ਰੋਡ ’ਤੇ ਬਾਲਾ ਜੀ ਐਨਕਲੇਵ ਨਾਂ ਹੇਠ ਬਣੀ ਕਲੋਨੀ ’ਚ ਅਨੇਕਾਂ ਊਣਤਾਈਆਂ ਸਾਹਮਣੇ ਆਈਆਂ ਹਨ, ਬਾਲਾ ਜੀ ਐਨਕਲੇਵ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਭੋਲਾ ਸਿੰਘ ਸਿਧਾਣਾ ਤੇ ਸੈਕਟਰੀ ਜਗਦੇਵ ਸਿੰਘ ਤੇ ਪੁਰਸ਼ੋਤਮ ਕੁਮਾਰ ਗੋਇਲ ਨੇ ਦੱਸਿਆ ਕਿ ਬਠਿੰਡਾ ਵਿਕਾਸ ਅਥਾਰਿਟੀ ਪੁੱਡਾ ਵੱਲੋਂ ਕੱਟੀ ਗਈ ਬਾਲਾ ਜੀ ਐਨਕਲੇਵ ਕਲੋਨੀ ਵਿੱਚ 15 ਸਾਲ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਸੀਵਰੇਜ ਟਰੀਟਮੈਂਟ ਪਲਾਂਟ ਨਹੀਂ ਲਗਾਇਆ ਗਿਆ ਤੇ ਨਾ ਹੀ ਨਗਰ ਕੌਂਸਲ ਦੇ ਦਫ਼ਤਰ ਰਾਮਪੁਰਾ ਫੂਲ ਵੱਲੋਂ ਕੋਈ ਪਾਣੀ ਤੇ ਸੀਵਰੇਜ ਦਾ ਕੁਨੈਕਸ਼ਨ ਦਿੱਤਾ ਗਿਆ ਹੈ। ਕਲੋਨੀ ਅੰਦਰ ਸੀਵਰੇਜ ਦੇ ਮੇਨ ਹੋਲ਼ਾਂ ਵਿੱਚ ਆਰਜ਼ੀ ਮੋਟਰਾਂ ਲਗਾ ਕੇ ਪਾਣੀ ਕਲੋਨੀ ਦੇ ਖਾਲੀ ਪਲਾਟਾਂ ਅੰਦਰ ਛੱਡਿਆ ਜਾ ਰਿਹਾ ਹੈ। ਕਲੋਨੀ ਦੀਆਂ ਸੜਕਾਂ ’ਤੇ ਵੱਡੇ ਵੱਡੇ ਟੋਏ ਪੈ ਗਏ ਹਨ ਤੇ ਪਾਰਕਾਂ ਦੀ ਸਫ਼ਾਈ ਨਾ ਹੋਣ ਕਾਰਨ ਉਨ੍ਹਾਂ ਨੇ ਜੰਗਲਾਂ ਦਾ ਰੂਪ ਧਾਰਨ ਕਰ ਲਿਆ ਹੈ। ਇਸ ਸਬੰਧੀ ਪੁੱਡਾ ਅਧਿਕਾਰੀ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਰਿਕਾਰਡ ਦਫ਼ਤਰ ’ਚ ਹੋਣ ਕਾਰਨ ਹੀ ਉਹ ਦੇਖ ਕੇ ਦੱਸ ਸਕਦੇ ਹਨ। ਜਦੋਂ ਇਸ ਸਬੰਧੀ ਬਾਲਾ ਜੀ ਐਨਕਲੇਵ ਦੇ ਕਲੋਨਾਈਜ਼ਰ ਅਮਨਦੀਪ ਗੋਇਲ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਧਰਤੀ ਅੰਦਰ ਬੋਰ ਕਰਵਾ ਦਿੱਤਾ ਹੈ,ਕਲੋਨੀ ਅੰਦਰ ਘਰਾਂ ਦੀ ਗਿਣਤੀ ਘੱਟ ਹੋਣ ਕਾਰਨ ਸੀਵਰੇਜ ਪਲਾਂਟ ਕੰਮ ਨਹੀਂ ਕਰਦਾ।