ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ,13 ਅਕਤੂਬਰ
ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਸ੍ਰੀ ਦਰਬਾਰ ਸਾਹਿਬ ਵਿੱਚ ਸਰੋਵਰ ਲਈ ਸਵੱਛ ਜਲ ਭੇਜਣ ਵਾਸਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ 1 ਕਰੋੜ 60 ਲੱਖ ਰੁਪਏ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ੍ਰੀ ਬਾਜਵਾ ਨੇ ਪੂਰੀ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਨੂੰ ਸੌਂਪਦਿਆਂ ਇਹ ਕੰਮ ਚਾਰ ਮਹੀਨਿਆਂ ’ਚ ਮੁਕੰਮਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਹਲਕਾ ਗਿਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਨਰਿੰਦਰ ਕਾਉਣੀ, ਹਰਚਰਨ ਸਿੰਘ ਬਰਾੜ, ਮੈਨੇਜਰ ਦਰਬਾਰ ਸਾਹਿਬ ਸੁਮੇਰ ਸਿੰਘ, ਹਨੀ ਫੱਤਣਵਾਲਾ, ਭੀਨਾ ਬਰਾੜ ਤੇ ਭਿੰਦਰ ਸ਼ਰਮਾ ਵੀ ਮੋਜੂਦ ਸਨ। ਇਸ ਦੌਰਾਨ ਮੰਤਰੀ ਕਿਸਾਨ ਅੰਦੋਲਨ ਸਬੰਧੀ ਸਵਾਲਾਂ ਦਾ ਜਵਾਬ ਦੇਣ ਤੋਂ ਟਾਲਾ ਵੱਟ ਗਏੇ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁਕਤਸਰ ਜ਼ਿਲ੍ਹੇ ਦਾ ਦੌਰਾ ਹੈਲੀਕਾਪਟਰ ਉਪਰ ਕੀਤਾ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਭਾਜਪਾ ਵੱਲੋਂ ਕਾਂਗਰਸ ਸਰਕਾਰ ਉਪਰ ਲਾਏ ਜਾਂਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਭਾਜਪਾ ਦੀ ਗਲਤ ਸੋਚ ਹੈ ਕਿ ਸ੍ਰੀ ਸ਼ਰਮਾ ਨੂੰ ਕਾਂਗਰਸ ਵੱਲੋਂ ਕੁਟਵਾਇਆ ਗਿਆ ਹੈ। ਇਹ ਬਹੁਤ ਮਾੜੀ ਘਟਨਾ ਹੈ। ਸਰਕਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸਖ਼ਤ ਕਾਰਵਾਈ ਕਰ ਰਹੀ ਹੈ।
ਈਨਾਖੇੜਾ ’ਚ ਮੱਛੀ ਪਾਲਣ ਟ੍ਰੇਨਿੰਗ ਸੈਂਟਰ ਦਾ ਉਦਘਾਟਨ
ਮਲੋਟ(ਲਖਵਿੰਦਰ ਸਿੰਘ): ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਪਿੰਡ ਈਨਾਖੇੜਾ ਵਿੱਚ ਮੱਛੀ ਪਾਲਣ ਦੇ ਕਿੱਤੇ ਦੀ ਟ੍ਰੇਨਿੰਗ ਸਬੰਧੀ ਨਵੇਂ ਉਸਾਰੇ ਗਏ ਟ੍ਰੇਨਿੰਗ ਸੈਂਟਰ (ਡੀ.ਐਫ.ਸੀ.) ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਬਾਜਵਾ ਨੇ ਕਿਹਾ ਕਿ ਇਸ ਸੈਂਟਰ ਨੂੰ 15.00 ਏਕੜ ਰਕਬੇ ਵਿੱਚ 500.00 ਲੱਖ ਰੁਪਏ ਦੀ ਲਾਗਤ ਨਾਲ ਮੱਛੀ ਪਾਲਣ ਵਿਭਾਗ ਵੱਲੋਂ ਸਥਾਪਿਤ ਕਰਵਾਇਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਅਮਰਿੰਦਰ ਸਿੰਘ ਰਾਜਾ, ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਨਰਿੰਦਰ ਕਾਉਣੀ ਚੇਅਰਮੈਨ ਜਿ਼ਲ੍ਹਾ ਪ੍ਰੀਸ਼ਦ, ਹਰਚਰਨ ਸਿੰਘ ਸੋਥਾ ਜਿ਼ਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਅਮਨਪ੍ਰੀਤ ਸਿੰਘ ਭੱਟੀ ਵੀ ਹਾਜ਼ਰ ਸਨ।