ਪੱਤਰ ਪ੍ਰੇਰਕ
ਭਗਤਾ ਭਾਈ, 4 ਸਤੰਬਰ
ਪਿੰਡ ਥਰਾਜ ਦੇ ਇਕ ਨੌਜਵਾਨ ਖੁਸ਼ਵਿੰਦਰ ਸਿੰਘ ਦੀ ਬੀਤੇ ਦਿਨੀਂ ਹੋਈ ਗੰਭੀਰ ਕੁੱਟਮਾਰ ਲਈ ਜ਼ਿੰਮੇਵਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸਥਾਨਕ ਪੁਲੀਸ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਨ ਕਾਰਨ ਰੋਹ ’ਚ ਆਏ ਨਗਰ ਥਰਾਜ ਦੇ ਲੋਕਾਂ, ਬੀਕੇਯੂ (ਉਗਰਾਹਾਂ) ਤੇ ਬੀਕੇਯੂ (ਖੋਸਾ) ਵੱਲੋਂ ਪੁਲੀਸ ਥਾਣਾ ਭਗਤਾ ਭਾਈ ਅੱਗੋਂ ਦੀ ਲੰਘਦੇ ਬਾਜਾਖਾਨਾ-ਬਰਨਾਲਾ ਰੋਡ ’ਤੇ ਜਾਮ ਲਗਾਇਆ ਗਿਆ। ਇਹ ਜਾਮ ਕਰੀਬ 5 ਘੰਟੇ ਜਾਰੀ ਰਿਹਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਲੋਕਾਂ ਨੇ ਪੁਲੀਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਆਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਮਲੂਕਾ ਵਿੱਚ ਸਕੂਲਾਂ ਖੇਡਾਂ ਦੌਰਾਨ ਪਿੰਡ ਥਰਾਜ ਦਾ ਨੌਜਵਾਨ ਖੁਸ਼ਵਿੰਦਰ ਸਿੰਘ ਖੇਡਾਂ ਵੇਖਣ ਲਈ ਆਇਆ ਸੀ, ਇਥੇ ਕੁਝ ਨੌਜਵਾਨਾਂ ਨਾਲ ਕਿਸੇ ਗੱਲੋਂ ਤਕਰਾਰ ਹੋਣ ਉਪਰੰਤ ਇਹ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਇਸ ਸਮੇਂ ਉਸ ਦਾ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪਿੰਡ ਥਰਾਜ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਤੇ ਰਾਜਿੰਦਰਪਾਲ ਸਿੰਘ ਥਰਾਜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਸਥਾਨਕ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਬੜੀ ਹੀ ਸ਼ਰਮ ਵਾਲੀ ਗੱਲ ਹੈ ਤੇ ਅੱਜ 14 ਦਿਨ ਬੀਤ ਜਾਣ ਦੇ ਬਾਵਜੂਦ ਪੁਲੀਸ ਕਥਿਤ ਦੋਸ਼ੀਆਂ ਨੂੰ ਫੜਨ ’ਚ ਨਾਕਾਮ ਰਹੀ ਹੈ। ਬੀਕੇਯੂ (ਉਗਰਾਹਾਂ) ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ, ਅਵਤਾਰ ਸਿੰਘ ਤਾਰੀ ਭਗਤਾ ਅਤੇ ਬੀਕੇਯੂ (ਖੋਸਾ) ਦੇ ਆਗੂ ਕੇਵਲ ਸਿੰਘ ਥਰਾਜ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਪੁਲੀਸ ਵੀ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ, ਜਿਸ ਕਾਰਨ ਲੋਕਾਂ ਨੂੰ ਇਨਸਾਫ਼ ਲੈਣ ਲਈ ਸੜਕਾਂ ’ਤੇ ਆਉਣਾ ਪੈ ਰਿਹਾ ਹੈ। ਥਾਣਾ ਮੁਖੀ ਹਰਨੇਕ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਹਰਨੇਕ ਸਿੰਘ ਵੱਲੋਂ ਦੋ ਦਿਨਾਂ ਵਿੱਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਦੇਣ ਉਪਰੰਤ ਧਰਨਾਕਾਰੀਆਂ ਨੇ ਇਹ ਜਾਮ ਖ਼ਤਮ ਕੀਤਾ। ਇਸ ਮੌਕੇ ਇਕੱਤਰ ਸਿੰਘ ਥਰਾਜ, ਹਰਵਿੰਦਰ ਸਿੰਘ ਭਾਈਰੂਪਾ, ਬੇਅੰਤ ਸਿੰਘ ਸਰਪੰਚ, ਮਲਕੀਤ ਸਿੰਘ ਢਿਲਵਾਂ, ਗੁਰਤੇਜ ਸਿੰਘ, ਗੁਰਚਰਨ ਸਿੰਘ ਪ੍ਰਧਾਨ, ਸਵਰਨਜੀਤ ਸਿੰਘ ਸਰਪੰਚ ਵੀ ਹਾਜ਼ਰ ਸਨ।