ਜਸਵੰਤ ਜੱਸ
ਫ਼ਰੀਦਕੋਟ, 17 ਫ਼ਰਵਰੀ
ਫ਼ਰੀਦਕੋਟ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ। ਕਾਂਗਰਸ ਨੇ 25 ਸੀਟਾਂ ਵਿੱਚੋਂ 16 ਸੀਟਾਂ ਉੱਪਰ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਨੂੰ ਇਨ੍ਹਾਂ ਚੋਣਾਂ ਵਿੱਚ 7 ਸੀਟਾਂ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਨੂੰ ਇੱਕ-ਇੱਕ ਸੀਟ ਮਿਲੀ ਹੈ, ਜਦੋਂਕਿ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ ਅਤੇ ਉਸ ਦੇ ਤਿੰਨੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਭਾਜਪਾ ਦੇ ਉਮੀਦਵਾਰਾਂ ਨੂੰ ਤਿੰਨ ਬੂਥਾਂ ’ਤੇ ਕੋਈ ਵੋਟ ਨਹੀਂ ਮਿਲੀ ਜਦਕਿ ਤਿੰਨ ਬੂਥਾਂ ’ਤੇ ਭਾਜਪਾ ਉਮੀਦਵਾਰ ਦੋ-ਦੋ ਵੋਟਾਂ ਹੀ ਹਾਸਲ ਕਰ ਸਕੇ ਹਨ।
ਪਿਛਲੀਆਂ ਚੋਣਾਂ ਵਿੱਚ ਭਾਜਪਾ ਦੇ ਫ਼ਰੀਦਕੋਟ ਤੋਂ ਚਾਰ ਉਮੀਦਵਾਰ ਜੇਤੂ ਰਹੇ ਸਨ। ਭਾਜਪਾ ਤੋਂ ਅਲੱਗ ਹੋਏ ਅਕਾਲੀ ਦਲ ਦੀ ਸਥਿਤੀ ਇਨ੍ਹਾਂ ਚੋਣਾਂ ਵਿੱਚ ਕਾਫ਼ੀ ਹੱਦ ਤੱਕ ਠੀਕ ਰਹੀ। ਆਮ ਆਦਮੀ ਪਾਰਟੀ ਇੱਕ ਸੀਟ ਸਿੱਟ ਕੇ ਖਾਤਾ ਖੋਲ੍ਹਣ ਵਿੱਚ ਸਫ਼ਲ ਹੋਈ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਕੋਈ ਵੀ ਐੱਮ.ਸੀ. ਫ਼ਰੀਦਕੋਟ ਨਗਰ ਕੌਂਸਲ ਵਿੱਚ ਨਹੀਂ ਸੀ।
ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਤੇਜ ਸਿੰਘ ਨੇ 4 ਨੰਬਰ ਵਾਰਡ ਵਿੱਚ 1210 ਵੋਟਾਂ ਲੈ ਕੇ ਸਭ ਤੋਂ ਵੱਧ ਹਾਸਲ ਕਰਨ ਦਾ ਰਿਕਾਰਡ ਬਣਾਇਆ ਹੈ। ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਵਿਜੇ ਕੁਮਾਰ ਛਾਬੜਾ 20 ਨੰਬਰ ਵਾਰਡ ਤੋਂ ਚੋਣ ਜਿੱਤ ਗਏ ਹਨ। ਸ੍ਰੀ ਛਾਬੜਾ ਨੇ ਕਿਰਸਾਨੀ ਅੰਦੋਲਨ ਦੇ ਚੱਲਦਿਆਂ ਭਾਜਪਾ ਦੀ ਜ਼ਿਲ੍ਹਾ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਸੀ। ਬਹੁਜਨ ਸਮਾਜ ਪਾਰਟੀ ਨੂੰ ਫ਼ਰੀਦਕੋਟ ਜ਼ਿਲ੍ਹੇ ਵਿੱਚੋਂ ਕੋਈ ਸੀਟ ਨਹੀਂ ਮਿਲੀ ਪਰ ਭਾਜਪਾ ਦੇ ਮੁਕਾਬਲੇ ਬਸਪਾ ਦੇ ਵੋਟ ਬੈਂਕ ਵਿੱਚ ਤਸੱਲੀਬਖਸ਼ ਵਾਧਾ ਹੋਇਆ ਹੈ।
ਕੋਟਕਪੂਰਾ ’ਚ ਭਾਜਪਾ ਦਾ ਵੋਟ ਬੈਂਕ ਸਿਰਫ਼ 2.3 ਫ਼ੀਸਦੀ ਤੱਕ ਸਿਮਟਿਆ
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਭਾਜਪਾ ਨੂੰ ਘੋਰ ਨਿਰਾਸ਼ਾ ਦੇ ਆਲਮ ’ਚ ਡੋਬ ਦਿੱਤਾ ਹੈ। ਦੱਸ ਦੇਈਏ ਕਿ ਇੱਥੇ ਭਾਜਪਾ ਨੂੰ ਚੋਣਾਂ ਦੌਰਾਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਘੱਟ ਕਰਨਾ ਪਿਆ ਜਦੋਂਕਿ ਭਾਜਪਾ ਦੇ ਫੁੱਲ ਦੀਆਂ ਪੱਤੀਆਂ ਖਿਲਾਰਨ ਵਿੱਚ ਭਾਜਪਈਏ ਹੀ ਮੋਹਰੀ ਵੇਖੇ ਗਏ। ਚੋਣ ਅਧਿਕਾਰੀ ਐੱਸਡੀਐੱਮ ਮੇਜਰ ਅਮਰਿੰਦਰ ਸਿੰਘ ਟਿਵਾਣਾ ਮੁਤਾਬਕ ਕੁੱਲ ਪੋਲ 45940 ਵੋਟਾਂ ਵਿੱਚ ਭਾਜਪਾ ਨੂੰ ਸਿਰਫ਼ 1055 ਵੋਟਾਂ ਹੀ ਪ੍ਰਾਪਤ ਹੋਈਆਂ ਜਿਸ ਤਹਿਤ ਵੋਟ ਬੈਂਕ ਸਿਰਫ਼ 2.3 ਫ਼ੀਸਦੀ ਤੱਕ ਰਹਿ ਗਿਆ ਜੋ ਕਿ ਇਤਿਹਾਸ ਵਿੱਚ ਕਦੇ ਨਹੀਂ ਹੋਇਆ। ਦਿੱਲੀ ਅੰਦਰ ਰਾਜ ਕਰਨ ‘ਆਪ’ 9.8 ਫ਼ੀਸਦੀ ’ਤੇ ਸਿਮਟ ਗਈ। ਬਸਪਾ ਸਿਰਫ 0.7 ਫ਼ੀਸਦੀ ਤੇ ਅਕਾਲੀ ਦਲ 14.08 ਫ਼ੀਸਦੀ ’ਤੇ ਰਿਹਾ। ਆਜ਼ਾਦ ਉਮੀਦਵਾਰ 28.1 ਫ਼ੀਸਦੀ ਤੇ ਕਾਂਗਰਸ 43.5 ਫ਼ੀਸਦੀ ’ਤੇ ਰਹੀ। ਸਥਾਨਕ 29 ਵਾਰਡਾਂ ’ਚੋਂ ਕਾਂਗਰਸ 21, ਸ਼੍ਰੋਮਣੀ ਅਕਾਲੀ ਦਲ 3 ਅਤੇ ਆਜ਼ਾਦ ਉਮੀਦਵਾਰ 5 ਸੀਟਾਂ ਉੱਤੇ ਜੇਤੂ ਰਿਹਾ। ਇਨ੍ਹਾਂ ਚੋਣਾਂ ਅੰਦਰ ਕਈ ਵੱਡੇ ਦਰੱਖਤ ਡਿੱਗੇ, ਜਿਵੇਂਕਿ ਵਾਰਡ ਨੰਬਰ 24 ’ਚੋਂ ਤਿੰਨ ਵਾਰ ਕੌਂਸਲਰ ਬਣੇ ਭੂਸ਼ਣ ਮਿੱਤਲ ਤੇ ਦਰਸ਼ਨ ਕੁਮਾਰ ਬੰਗਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਅਬੋਹਰ ਨਿਗਮ ਚੋਣਾਂ ’ਚ ਭਾਜਪਾ ਅਤੇ ‘ਆਪ’ ਦੇ ਹੱਥ ‘ਖਾਲੀ’
ਅਬੋਹਰ (ਸੁੰਦਰ ਨਾਥ ਆਰੀਆ): ਅਬੋਹਰ ਨਗਰ ਨਿਗਮ ਚੋਣਾਂ ’ਚ ਕਾਂਗਰਸ ਪਾਰਟੀ ਨੇ 50 ਵਿੱਚੋਂ 49 ਵਾਰਡਾਂ ਵਿੱਚ ਆਪਣੀ ਜਿੱਤ ਦਰਜ ਕਰਕੇ ਅਬੋਹਰ ਦੀ ਰਾਜਨੀਤੀ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਵਾਰਡ ਨੰਬਰ 29 ਤੋਂ ਚੋਣ ਲੜਨ ਵਾਲੀ ਮਧੂ ਨੇ ਜਿੱਤ ਪ੍ਰਾਪਤ ਕਰ ਕੇ ਇੱਕ ਸੀਟ ਪਾਰਟੀ ਦੀ ਝੋਲੀ ਵਿੱਚ ਪਾਈ ਹੈ। ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਆਜ਼ਾਦ ਉਮੀਦਵਾਰ ਇੱਕ ਵੀ ਸੀਟ ਨਹੀਂ ਜਿੱਤ ਸਕੇ ਹਨ।