ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਅਗਸਤ
ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਸਿੰਘੂ ਬਾਰਡਰ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ’ਚ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਕੀਤੇ ਗਏ ਐਲਾਨ ਤਹਿਤ ਇਥੇ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੇ ਸ਼ਹੀਦ ਕਿਸਾਨ ਜੀਤ ਸਿੰਘ ਦੀ ਪਤਨੀ ਗੁਰਮੇਲ ਕੌਰ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸ਼ੁਰੂ ਕਰਕੇ ਪਹਿਲੀ ਪੈਨਸ਼ਨ ਦਾ ਚੈੱਕ ਦਿੱਤਾ ਗਿਆ।
ਟਰੱਸਟ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਟਰੱਸਟੀ ਮਹਿੰਦਰਪਾਲ ਲੂੰਬਾਂ ਅਤੇ ਕਾਰਜਕਾਰੀ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਦੱਸਿਆ ਜ਼ਿਲ੍ਹੇ ਵਿੱਚ ਹੁਣ ਤੱਕ ਪੰਜ ਸ਼ਹੀਦ ਕਿਸਾਨਾਂ ਮੇਵਾ ਸਿੰਘ ਖੋਟੇ, ਸੁਖਮੰਦਰ ਸਿੰਘ ਰਣਸੀਂਹ, ਦਰਸ਼ਨ ਸਿੰਘ ਰੌਲੀ, ਮੱਖਣ ਖਾਂ ਭਿੰਡਰ ਕਲਾਂ ਦੇ ਪਰਿਵਾਰਾਂ ਨੂੰ ਮਈ ਮਹੀਨੇ ਤੋਂ ਪੈਨਸ਼ਨ ਦਿੱਤੀ ਜਾ ਰਹੀ ਹੈ ਅਤੇ ਦੋ ਪੀੜਤ ਪਰਿਵਾਰਾਂ ਦੀ ਅਰਜ਼ੀ ਵਿਚਾਰ ਅਧੀਨ ਹੈ। ਪੰਜਾਬ ਵਿੱਚ 221 ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਅਗਲੇ ਮਹੀਨੇ ਤੋਂ ਪੈਨਸ਼ਨ ਸਿੱਧੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ। ਇਸ ਮੌਕੇ ਗੁਰਸੇਵਕ ਸਿੰਘ ਸੰਨਿਆਸੀ, ਨਰਜੀਤ ਕੌਰ, ਭਵਨਦੀਪ ਸਿੰਘ ਪੁਰਬਾ, ਸੁਖਦੇਵ ਸਿੰਘ ਬਰਾੜ, ਜਸਵੀਰ ਕੌਰ, ਰਾਮ ਸਿੰਘ ਜਾਨੀਆਂ, ਜਸਵੀਰ ਡਾਲਾ, ਜਸਵੰਤ ਸਿੰਘ ਪੁਰਾਣੇਵਾਲਾ ਆਦਿ ਤੋਂ ਇਲਾਵਾ ਸ਼ਹੀਦ ਜੀਤ ਸਿੰਘ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਕਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ਼
ਟਰੱਸਟ ਆਗੂ ਦਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 30 ਦੇ ਕਰੀਬ ਚੈਰੀਟੇਬਲ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ ਤੇ 25 ਹੋਰ ਲੈਬਾਂ ਦਾ ਕੰਮ ਚੱਲ ਰਿਹਾ ਹੈ। 200 ਦੇ ਕਰੀਬ ਕਿੱਤਾਮੁਖੀ ਸਿਖਲਾਈ ਕੇਂਦਰ ਚੱਲ ਰਹੇ ਹਨ ਤੇ ਸਕੂਲਾਂ ਵਿੱਚ ਆਰ.ਓ. ਸਿਸਟਮ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਡਾ. ਓਬਰਾਏ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਜਿੱਥੇ ਆਮ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ, ਉਥੇ ਸਿਹਤ ਵਿਭਾਗ ਨੂੰ ਵੈਂਟੀਲੇਟਰ, ਮਾਸਕ, ਪੀਪੀਈ ਕਿੱਟਾਂ ਤੇ ਸੈਨੇਟਾਈਜ਼ਰ ਆਦਿ ਮੁਹੱਈਆ ਕਰਵਾਏ ਗਏ ਹਨ।