ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਜੁਲਾਈ
ਅਜੇ ਵਿਧਾਨ ਸਭਾ ਚੋਣਾਂ ਦੂਰ ਹਨ ਪਰ ਬਾਘਾਪੁਰਾਣਾ ਹਲਕੇ ਵਿੱਚ ਹਾਕਮ ਧਿਰ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ, ਉਨ੍ਹਾਂ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਅਤੇ ਹਲਕੇ ਤੋਂ ਵਿਧਾਇਕ ਦੇ ਮੁਕਾਬਲੇ ਚੋਣ ਹਾਰੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦਰਮਿਆਨ ਗਊ ਦੀ ਮੌਤ ਤੋਂ ਸ਼ੁਰੂ ਹੋਈ ਸ਼ਬਦੀ ਸਿਆਸੀ ਜੰਗ ਦਿਲਸਚਪ ਮੋੜ ’ਤੇ ਪੁੱਜ ਗਈ ਹੈ। ਇਸ ਜੰਗ ਬਾਰੇ ਕਮਲਜੀਤ ਸਿੰਘ ਬਰਾੜ ਵੱਲੋਂ ਪ੍ਰਧਾਨ ਤੀਰਥ ਸਿੰਘ ਮਾਹਲਾ ’ਤੇ ਜਵਾਬੀ ਹਮਲਾ ਕੀਤਾ ਗਿਆ ਹੈ। ਇਸ ਮਗਰੋਂ ਤੀਰਥ ਸਿੰਘ ਮਾਹਲਾ ਦੇ ਪੁੱਤਰ ਜਸਪ੍ਰੀਤ ਸਿੰਘ ਮਾਹਲਾ ਨੇ ਕੈਨੇਡਾ ਤੋਂ ਵਿਧਾਇਕ ਦੇ ਪੁੱਤਰ ਨੂੰ ਕੱਟਾ ਕੱਟੀ ਕੱਢਣ ਦੀ ਸਿੱਧੀ ਚੁਣੌਤੀ ਦਿੱਤੀ ਹੈ।
ਪ੍ਰਧਾਨ ਤੀਰਥ ਸਿੰਘ ਮਾਹਲਾ ਨੇ 18 ਜੁਲਾਈ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਨਗਰ ਕੌਂਸਲ ਬਾਘਾਪੁਰਾਣਾ ਦੀ ਕਾਰਗੁਜ਼ਾਰੀ ਉੱਤੇ ਸੁਆਲ ਚੁੱਕੇ ਸਨ। ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਬਰਾੜ ਨੇ ਇੱਕ ਨਿੱਜੀ ਟੀਵੀ ਚੈਨਲ ਉੱਤੇ ਅਕਾਲੀ ਆਗੂ ਤੀਰਥ ਮਾਹਲਾ ਨੂੰ ਵੰਗਾਰਦਿਆਂ ਕਿਹਾ ਸੀ ਕਿ ਅਕਾਲੀ ਆਗੂ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨ। ਉਨ੍ਹਾਂ ਸੂਬੇ ਦੇ ਵੱਡੇ ਸਿਆਸੀ ਆਗੂ ਦਾ ਬੇਬਾਕ ਨਾਮ ਲੈ ਕੇ ਕਿਹਾ ਸੀ ਕਿ ਸਾਰੇ ਲੋਕ ਜਾਣਦੇ ਹਨ ਕਿ ਅਕਾਲੀ ਹਕੂਮਤ ’ਚ ਪੁਲੀਸ ਚੌਕੀ ਨੱਥੂਵਾਲਾ ’ਚ ਭੁੱਕੀ ਕੌਣ ਵਿਕਵਾਉਂਦਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਦਿ ਮੁੱਦਿਆਂ ਕਾਰਨ ਲੋਕਾਂ ਨੂੰ ਅਕਾਲੀਆਂ ਦੀ ਨਾਰਾਜ਼ਗੀ ਭੁੱਲੀ ਨਹੀਂ। ਕਾਂਗਰਸ ਵਿਧਾਇਕ ਪੁੱਤਰ ਦੀ ਇਹ ਵੀਡੀਓ ਅਕਾਲੀ ਆਗੂ ਤੀਰਥ ਸਿੰਘ ਮਾਹਲਾ ਦੇ ਪੁੱਤਰ ਜਸਪ੍ਰੀਤ ਸਿੰਘ ਮਾਹਲਾ ਕੋਲ ਕੈਨੇਡਾ ਪਹੁੰਚ ਗਈ। ਉਨ੍ਹਾਂ ਵਿਧਾਇਕ ਪੁੱਤਰ ਉੱਤੇ ਜਵਾਬੀ ਹੱਲਾ ਬੋਲਦਿਆਂ ਕੱਟਾ ਕੱਟੀ ਕੱਢਣ ਦੀ ਸਿੱਧੀ ਚੁਣੌਤੀ ਦੇ ਦਿੱਤੀ ਹੈ।