ਪੱਤਰ ਪ੍ਰੇਰਕ
ਬਾਘਾ ਪੁਰਾਣਾ, 4 ਅਪਰੈਲ
ਰੇਲ ਸੰਪਰਕ ਤੋਂ ਵਾਂਝੇ ਚੱਲੇ ਆ ਰਹੇ ਬਾਘਾ ਪੁਰਾਣਾ-ਕੋਟਕਪੂਰਾ ’ਤੇ ਪੈਂਦੇ ਸ਼ਹਿਰ ਬਾਘਾ ਪੁਰਾਣਾ, ਸਮਾਲਸਰ ਪੰਜਗਰਾਈਂ, ਸਿੰਘਾਂਵਾਲਾ ਆਦਿ ਵੱਡੇ ਪਿੰਡਾਂ ਦੇ ਲੋਕ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਰੇਲ ਸਹੂਲਤ ਦੀ ਮੰਗ ਲਈ ਆਵਾਜ਼ ਤਾਂ ਉਠਾਉਂਦੇ ਆ ਰਹੇ ਹਨ, ਪਰ ਸੁਣਵਾਈ ਨਾ ਹੋਣ ਕਾਰਨ ਰੇਲ ਸਹੂਲਤ ਤੋਂ ਸੱਖਣੇ ਹਨ। ਇਸ ਸਬੰਧੀ ਬਾਘਾ ਪੁਰਾਣਾ ਸ਼ਹਿਰ ਦੀ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਬਨਾਰਸੀ ਦਾਸ ਕੱਕੜ ਅਤੇ ਹੋਰਨਾਂ ਉਚ ਨਾਗਰਿਕਾਂ ਨੇ ਰੇਲਵੇ ਮੰਤਰੀਆਂ ਨਾਲ ਪੱਤਰ ਵਿਵਹਾਰ ਰਾਹੀਂ ਮੋਗਾ-ਕੋਟਕਪੂਰਾ ਰੇਲਵੇ ਲਾਈਨ ਵਿਛਾਉਣ ਵਾਸਤੇ ਦੁਹਾਈਆਂ ਪਾਈਆਂ ਅਤੇ ਇਸ ਵੱਡੀ ਅਹਿਮ ਅਤੇ ਚਿਰੋਕਣੀ ਮੰਗ ਨੂੰ ਬੂਰ ਪੈਣ ਦੀ ਆਸ ਬੱਝੀ ਸੀ ਕਿਉਂਕਿ ਇਸ ਰਸਤੇ ਉਪਰ ਵਿਭਾਗ ਵਲੋਂ ਸਰਵੇਂ ਕਰ ਕੇ 2017 ਵਿਚ ਸਰਵੇਖਣ ਕਰਨ ਵਾਲੀ ਟੀਮ ਨੇ ਪੁਲੀਆਂ, ਪੁਲਾਂ ਅਤੇ ਰੇਲਵੇ ਸਟੇਸ਼ਨਾਂ ਦੀ ਮੁਕੰਮਲ ਰਿਪੋਰਟ ਵਿਭਾਗ ਤੱਕ ਪੁੱਜਦੀ ਕਰ ਦਿੱਤੀ ਗਈ ਸੀ ਅਤੇ ਜਗ੍ਹਾ ਐਕੁਆਇਰ ਕਾਰਨ ਲੋੜੀਂਦੀ ਕਾਰਵਾਈ ਹੀ ਬਾਕੀ ਸੀ, ਪਰੰਤੂ 2017 ਨੂੰ ਹੋਈ ਇਸ ਸਰਵੇਖਣ ਰਿਪੋਰਟ ਤੋਂ ਬਾਅਦ ਵਿਭਾਗ ਨੇ ਇਸ ਤੋਂ ਅੱਗੇ ਡੱਕਾ ਨਹੀਂ ਤੋੜਿਆ। ਬਨਾਰਸੀ ਦਾਸ ਕੱਕੜ ਨੇ ਦੋਸ਼ ਲਾਇਆ ਕਿ ਟਰਾਂਸਪੋਰਟਰਾਂ ਦੇ ਬੱਸ ਕਾਰੋਬਾਰ ਲਈ ਰੇਲ ਲਾਈਨਾਂ ਦੇ ਕੰਮ ਵਿਚ ਰਾਜਨੀਤਿਕ ਲੋਕ ਅੜਿੱਕਾ ਡਾਹ ਰਹੇ ਹਨ।