ਪੱਤਰ ਪ੍ਰੇਰਕ
ਲੰਬੀ, 23 ਜਨਵਰੀ
ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਅੱਜ ਲੰਬੀ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਹ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁੱਲਖੁਰਾਣਾ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ ਸਨ। ਜ਼ਿਕਰਯੋਗ ਹੈ ਕਿ ਉਦਘਾਟਨ ਸਮਾਗਮ ਮੌਕੇ ਹਲਕੇ ਵਿੱਚੋਂ ਤਿੰਨ-ਚਾਰ ਸੌ ਵਰਕਰ ਹੀ ਜੁੱਟ ਸਕੇ। ਲੰਬੀ ਹਲਕੇ ਅੰਦਰਲੀ ਕਾਂਗਰਸ ਦੀ ਰਵਾਇਤੀ ਧੜੇਬੰਦੀ ਵੀ ਖੁੱਲ੍ਹੇਆਮ ਵਿਖਾਈ ਦਿੱਤੀ। ਇਸ ਦੌਰਾਨ ਰਾਜਾ ਵੜਿੰਗ ਨੇ ਆਪਣੇ ਸੰਬੋਧਨ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚੱਲ ਰਹੀ ਸ਼ਬਦੀ ਜੰਗ ਦੀ ਭਾਜੀ ਮੋੜਦੇ ਹੋਏ ਕਿਹਾ ਕਿ ਪਿਛਲੇ ਪੰਜਾਹ ਸਾਲਾਂ ’ਚ ਬਾਦਲਾਂ ਦੀਆਂ ਬੱਸਾਂ ਦਾ ਕੋਈ ਚਲਾਨ ਕਰਨ ਦੀ ਹਿੰਮਤ ਨਹੀਂ ਕਰ ਸਕਿਆ ਤੇ ਉਨ੍ਹਾਂ ਨੇ ਟੈਕਸ ਨਾ ਭਰਨ ਵਾਲੀਆਂ ਬਾਦਲਾਂ ਦੀਆਂ ਬੱਸਾਂ ਬੰਦ ਕਰਕੇ ਵਿਖਾਈਆਂ। ਉਨ੍ਹਾਂ ਆਖਿਆ ਕਿ ਲੰਬੀ ਦੇ ਲੋਕ ਇਸ ਵਾਰ ਨਵਾਂ ਇਤਿਹਾਸ ਸਿਰਜਣਗੇ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਝੂਠੇ ਸਰਵੇ ਦਾ ਮਾਸਟਰ ਆਖਦਿਆਂ ਕਿਹਾ ਕਿ ਪਿਛਲੀ ਵਾਰ ਇੱਕ ਸਰਵੇ ਕੇਜਰੀਵਾਲ ਨੂੰ ਸੌ ਸੀਟਾਂ ਵਿਖਾ ਰਿਹਾ ਸੀ, ਪਰ ‘ਆਪ’ ਨੂੰ ਮਿਲੀਆਂ 18 ਸੀਟਾਂ। ਉਨ੍ਹਾਂ ਭਗਵੰਤ ਮਾਨ ਨੂੰ ਚੁਟਕੁਲੇ ਸੁਣਾਉਣ ਅਤੇ ਸਟੇਜਾਂ ’ਤੇ ਮਹਿਜ਼ ਭੰਡਣ ਵਾਲਾ ਆਗੂ ਦੱਸਦੇ ਹੋਏ ਕਿਹਾ ਕਿ ਬਤੌਰ ਉਹ ਮੁੱਖ ਮੰਤਰੀ ਚਿਹਰਾ ਉੱਭਰ ਕੇ ਨਹੀਂ ਆ ਸਕਦੇ। ਸ੍ਰੀ ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਪ੍ਰਤੀ ਕੋਈ ਵਿਜ਼ਨ ਦੇਣ ’ਚ ਅਸਫ਼ਲ ਰਿਹਾ ਹੈ। ਇਸ ਮੌਕੇ ਜਗਪਾਲ ਅਬੁੱਲਖੁਰਾਣਾ ਅਤੇ ਹਰਚਰਨ ਸਿੰਘ ਸੋਥਾ ਨੇ ਵੀ ਸੰਬੋਧਨ ਕੀਤਾ।