ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੁਲਾਈ
ਪੰਜਾਬ ਵਿੱਚ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਹੋਈ ਵਾਪਸੀ ਤੋਂ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀ ਵੀ ਖੁਸ਼ ਨਜ਼ਰ ਆਏ। ਅਧਿਆਪਕਾਂ ਨੇ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਬਾਕੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਜਲਦੀ ਸਕੂਲਾਂ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇਗੀ।
ਦਸਵੀਂ, ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਅੱਜ ਸਕੂਲਾਂ ’ਚ ਆਮਦ ਦੌਰਾਨ ਅਧਿਆਪਕਾਂ ਨੇ ਅੱਜ ਵਿਦਿਆਰਥੀਆਂ ਨੂੰ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ। ਬੇਸ਼ੱਕ ਸਿੱਖਿਆ ਵਿਭਾਗ ਪੰਜਾਬ ਨੇ ਆਨਲਾਈਨ ਸਿੱਖਿਆ ਲਈ ਅਨੇਕਾਂ ਯੋਜਨਾਵਾਂ ਬਣਾਈਆਂ ਸਨ ਅਤੇ ਟੀਵੀ ਰਾਹੀਂ ਵੀ ਅਧਿਆਪਕ ਪੜ੍ਹਾ ਰਹੇ ਹਨ, ਪਰ ਇਸ ਦੇ ਬਾਵਜੂਦ ਅਧਿਆਪਕਾਂ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਰਕੇ ਅਧਿਆਪਕਾਂ ਵਿਦਿਆਰਥੀਆਂ ਅਤੇ ਮਾਪਿਆਂ ਦੀ ਵੀ ਇੱਛਾ ਸੀ ਕਿ ਹੁਣ ਸਕੂਲ ਜਲਦੀ ਖੁੱਲ੍ਹਣ।
ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਨੂੰ ਆਈਆਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ, ਬਹੁ-ਗਿਣਤੀ ਸਕੂਲ ਸਮਾਰਟ ਸਕੂਲਾਂ ’ਚ ਬਦਲ ਗਏ, ਹਰ ਕਲਾਸ ਲਈ ਸਮਾਰਟ ਪ੍ਰਾਜੈਕਟਰ ਮੁਹੱਈਆ ਕਰਵਾਏ ਗਏ, ਰੰਗਦਾਰ ਫਰਨੀਚਰ, ਖੂਬਸੂਰਤ ਬਾਲਾ ਵਰਕ, ਵਿਸ਼ਾਵਾਰ ਆਧੁਨਿਕ ਪ੍ਰਯੋਗਸ਼ਾਲਾਵਾਂ, ਲਾਇਬਰੇਰੀਆਂ, ਵਿਸ਼ਾਵਾਰ ਪਾਰਕ, ਖੇਡ ਮੈਦਾਨ ਅਤੇ ਹੋਰ ਅਨੇਕਾਂ ਸਾਹੂਲਤਾਂ ਦਿੱਤੀਆਂ ਗਈਆਂ। ਇਸ ਕਾਰਨ ਸਕੂਲਾਂ ’ਚ ਰਿਕਾਰਡ ਤੋੜ ਦਾਖ਼ਲੇ ਵੀ ਵਧੇ, ਇਸੇ ਕਰਕੇ ਅਧਿਆਪਕਾਂ ਦੀ ਇੱਛਾ ਹੈ ਕਿ ਹੁਣ ਵਿਦਿਆਰਥੀਆਂ ਲਈ ਬਹੁਤ ਹੀ ਢੁੱਕਵਾਂ ਮਾਹੌਲ ਹੈ ਤਾਂ ਕਿ ਪਿਛਲੇ ਘਾਟੇ ਨੂੰ ਪੂਰਾ ਕੀਤਾ ਜਾ ਸਕੇ।
ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਸੰਜੀਵ ਕੁਮਾਰ ਗੋਇਲ, ਡਿਪਟੀ ਡੀਈਓ ਜਗਰੂਪ ਭਾਰਤੀ ਨੇ ਦੱਸਿਆ ਕਿ ਹਾਈ, ਸੈਕੰਡਰੀ ਸਕੂਲਾਂ ਵਿੱਚ ਅੱਜ ਪੂਰੇ ਉਤਸ਼ਾਹ ਨਾਲ ਵਿਦਿਆਰਥੀਆਂ ਨੇ ਵਾਪਸੀ ਕੀਤੀ। ਉਨ੍ਹਾਂ ਦੱਸਿਆ ਕਿ ਦੋ ਰੋਜ਼ਾ ਮਾਪੇ ਅਧਿਆਪਕ ਮਿਲਣੀਆਂ ਵੀ 26 ਤੇ 27 ਜੁਲਾਈ ਨੂੰ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੇ ਸੌ ਫੀਸਦੀ ਦਾਖ਼ਲਿਆਂ ਲਈ ਅਪੀਲ ਕੀਤੀ ਜਾ ਰਹੀ ਹੈ।
ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਧਰ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਅਤੇ ਅਧਿਆਪਕ ਖੁਸ਼ ਹਨ। ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਬਾਕੀ ਕਲਾਸਾਂ ਵੀ ਜਲਦੀ ਬੁਲਾਈਆਂ ਜਾਣ।