ਪਰਸ਼ੋਤਮ ਬੱਲੀ
ਬਰਨਾਲਾ, 4 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ ਭੁੱਖ ਹੜਤਾਲ ਵਜੋਂ ਜਾਰੀ ਰਿਹਾ| ਸ਼੍ਰੋਮਣੀ ਸਹਿਤਕਾਰ ਓਮ ਪ੍ਰਕਾਸ਼ ਗਾਸੋ ਨੇ ਜੂਝਦੇ ਕਾਫਲਿਆਂ ਨੂੰ ਨਵਾਂ ਇਤਿਹਾਸ ਸਿਰਜਣ ਬਦਲੇ ਸੰਗਰਾਮੀ ਮੁਬਾਰਕਬਾਦ ਦਿੱਤੀ| ਇਸ ਦੌਰਾਨ ਸੰਬੋਧਨ ਕਰਦਿਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ ਤੇ ਉਜਾਗਰ ਸਿੰਘ ਬੀਹਲਾ ਸਣੇ ਹੋਰਨਾਂ ਬੁਲਾਰਿਆਂ ਨੇ ਮੁਲਕ ਦੀ ਜੰਗ-ਏ-ਅਜ਼ਾਦੀ (ਗਦਰ ਲਹਿਰ) ਦੇ ਬਾਨੀ ਅਤੇ ਕਿਸਾਨ ਸਭਾ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ| ਬੁਲਾਰਿਆਂ ਨੇ ਸ਼ਹੀਦ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨੂੰ ਦਸ ਲੱਖ ਦਾ ਮੁਆਵਜ਼ਾ, ਪੁੱਤ ਨੂੰ ਸਰਕਾਰੀ ਨੌਕਰੀ ਅਤੇ ਸਮੁੱਚੇ ਕਰਜ਼ੇ ’ਤੇ ਲਕੀਰ ਮਾਰਨ ਦੀ ਮੰਗ ਕੀਤੀ| ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ 13 ਜਨਵਰੀ ਨੂੰ ਦੁੱਲੇ ਭੱਟੀ ਦੇ ਵਾਰਸ ਪਿੰਡਾਂ ਵਿੱਚ ਲੋਹੜੀ ਬਾਲਕੇ ਸੰਘਰਸ਼ ਤੇਜ਼ ਕਰਨ ਦਾ ਅਹਿਦ ਲੈਣਗੇ| ਅੱਜ ਭੁੱਖ ਹੜਤਾਲ ’ਤੇ ਬੈਠਣ ਵਾਲੇ ਜਥੇ ਵਿੱਚ ਸਾਧੂ ਸਿੰਘ , ਬੂਟਾ ਸਿੰਘ ਘੁੰਨਸ ਅਤੇ ਕੁਲਦੀਪ ਸਿੰਘ ਬਰਨਾਲਾ ਸ਼ਾਮਲ ਸਨ|
ਝੁਨੀਰ (ਸੁਰਜੀਤ ਵਸ਼ਿਸ਼ਟ): ਇਸ ਖੇਤਰ ਦੇ ਪਿੰਡ ਬਾਜੇਵਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਦੀ ਸਰਪ੍ਰਸਤੀ ਅਧੀਨ ਕਿਸਾਨਾਂ ਵਿਸ਼ੇਸ਼ ਕਰਕੇ ਔਰਤਾਂ ਅਤੇ ਬਜ਼ੁਰਗਾਂ ਦੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਲੈ ਕੇ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਔਰਤਾਂ ਨੇ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਨੂੰ ਲੈ ਕੇ ਰੱਜ ਕੇ ਪਿੱਟ ਸਿਆਪਾ ਕੀਤਾ ਤੇ ਆਖ਼ਰੀ ਸਾਹਾਂ ਤੱਕ ਕੇਂਦਰ ਦੀ ਜਾਬਰ ਸਰਕਾਰ ਵਿਰੁੱਧ ਸੰਘਰਸ਼ ਜਾਰੀ ਜਾਰੀ ਰੱਖਣ ਦਾ ਪ੍ਰਣ ਵੀ ਕੀਤਾ। ਇਸ ਪਿੰਡ ਦੇ ਹਰ ਪਰਿਵਾਰ ਦਾ ਇੱਕ ਇੱਕ ਮੈਂਬਰ ਦਿੱਲੀ ਦੇ ਕੋਲ ਚੱਲ ਰਹੇ ਸੰਘਰਸ਼ ਵਿੱਚ ਭਾਗ ਲੈਣ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਕੋਟਧਰਮੂ, ਗੁਰਜੰਟ ਸਿੰਘ, ਹਰਜੀਤ ਸਿੰਘ ਅਤੇ ਖ਼ਰਚੂ ਸਿੰਘ ਨੇ ਵੀ ਕਿਸਾਨਾਂ ਨੂੰ ਖੇਤੀ ਦੇ ਕਾਲੇ ਕਾਨੂੰਨਾਂ ਸਬੰਧੀ ਜਾਣਕਾਰੀ ਦਿੱਤੀ।
ਟੌਲ ਪਲਾਜ਼ਾ ਤੇ ਬੈਸਟ ਪ੍ਰਾਈਜ਼ ਅੱਗੇ ਮੋਰਚੇ ਜਾਰੀ
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ 96ਵੇਂ ਦਿਨਾਂ ਤੋਂ ਲਗਾਤਾਰ ਚੱਲ ਰਹੇ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਜ਼ ਮਾਲ ਮੋਰਚੇ ਜਾਰੀ ਰਹੇ। ਇਸ ਦੌਰਾਨ ਔਰਤਾਂ ਤੇ ਬੱਚਿਆਂ ਨੇ ਮੋਦੀ ਦੇ ਤਾਨਾਸ਼ਾਹ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੋਠੂ ਸਿੰਘ ਕੋਟੜਾ, ਦਰਸ਼ਨ ਮਾਈਸਰਖਾਨਾ, ਅਵਤਾਰ ਤਾਰੀ, ਜਸਵੀਰ ਸਿੰਘ, ਅਜਮੇਰ ਸਿੰਘ, ਸਿਮਰਜੀਤ ਸਿੰਘ, ਬਲਤੇਜ ਸਿੰਘ, ਗੁਰਜੰਟ ਸਿੰਘ ਤੇ ਠੇਕਾ ਮੁਲਾਜ਼ਮ ਆਗੂ ਜਗਰੂਪ ਸਿੰਘ ਨੇ ਕਿਹਾ ਕਿ ਸੰਘਰਸ਼ਾਂ ਦੌਰਾਨ ਕਿਸਾਨ ਮੌਤ ਦੇ ਮੂੰਹ ਜਾ ਰਹੇ ਹਨ, ਪਰ ਮੋਦੀ ਸਰਕਾਰ ਨੇ ਇਸ ਦਰਦ ਨੂੰ ਅਣਗੌਲਿਆਂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਵੱਡਾ ਕਾਫਲਾ ਅੱਜ ਪਿੰਡ ਚਾਉਕੇ ਦੇ ਸ਼ਹੀਦ ਹੋਏ ਨੌਜਵਾਨ ਜਸ਼ਨਪ੍ਰੀਤ ਸਿੰਘ ਦੇ ਸਸਕਾਰ ਮੌਕੇ ਸ਼ਾਮਲ ਹੋਣ ਲਈ ਰਵਾਨਾ ਹੋਵੇਗਾ।
ਖੇਤੀਬਾੜੀ ਮਹਿਕਮੇ ਦੀਆਂ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਕੂਚ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਖੇਤੀਬਾੜੀ ਵਿਭਾਗ ਪੰਜਾਬ ਦੀਆਂ ਜ਼ਿਲ੍ਹੇ ਭਰ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ 50 ਮੈਂਬਰਾਂ ਵੱਲੋਂ ਦਿੱਲੀ ਮੋਰਚੇ ਲਈ ਰਵਾਨਗੀ ਕੀਤੀ ਗਈ ਅਤੇ ਦਿੱਲੀ ਮੋਰਚੇ ਲਈ ਆਰਥਿਕ ਸਹਿਯੋਗ ਦਿੱਤਾ। ਰਵਾਨਗੀ ਮੌਕੇ ਜਥੇ ਦੀ ਅਗਵਾਈ ਕਰਦਿਆਂ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਫਰੀਦਕੋਟ ਵਿੱਚੋਂ ਵਿਭਾਗ ਦੀਆਂ ਵੱਖ ਵੱਖ ਜਥੇਬੰਦੀਆਂ ਦਾ ਵਿਸ਼ਾਲ ਜਥਾ ਦਿੱਲੀ ਦੀ ਸਿੰਘੂ ਸਰਹੱਦ ’ਤੇ ਪੁੱਜਿਆ ਹੈ। ਜਿੱਥੇ ਉਹ ਕਿਸਾਨ-ਮਜ਼ਦੂਰ ਅੰਦੋਲਨ ਵਿੱਚ ਸ਼ਾਮਲ ਹੋ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰਨਗੇ। ਉਨ੍ਹਾਂ ਦੱਸਿਆ ਕਿ ਜਥੇ ਵਲੋਂ ਉਥੇ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਜੱਥੇ ਵਿੱਚ ਖੇਤੀਬਾੜੀ ਅਫਸਰ ਐਸੋਸੀਏਸ਼ਨ, ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ, ਅੰਕੜਾ ਸ਼ਾਖਾ, ਆਤਮਾ ਸ਼ਾਖਾ, ਫੀਲਡ ਵਰਕਰਜ਼ ਯੂਨੀਅਨ, ਖੇਤੀਬਾੜੀ ਸਬ-ਇੰਸਪੈਕਟਰ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਹਨ।