ਖੇਤਰੀ ਪ੍ਰਤੀਨਿਧ
ਬਰਨਾਲਾ, 17 ਨਵੰਬਰ
ਸਿਹਤ ਵਿਭਾਗ ਬਰਨਾਲਾ ਵੱਲੋਂ ਨਵ ਜਨਮੇ ਬੱਚੇ ਦੀ ਸਾਂਭ ਸੰਭਾਲ ਦੀ ਅਹਿਮੀਅਤ ਨੂੰ ਯਕੀਨੀ ਬਣਾਉਣ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਹਫਤੇ ਦੀ ਸ਼ੁਰੂਆਤ ਡਾ. ਸੁਜੀਵਨ ਕੱਕੜ ਸਿਵਲ ਸਰਜਨ ਬਰਨਾਲਾ ਦੇ ਨਿਰਦੇਸ਼ ਅਧੀਨ ਸਿਵਲ ਹਸਪਤਾਲ ਬਰਨਾਲਾ ਵਿੱਚ ਸੈਮੀਨਾਰ ਕਰਕੇ ਕੀਤੀ ਗਈ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਹ ਵਿਸ਼ੇਸ਼ ਹਫਤਾ 15 ਤੋਂ 21 ਨਵੰਬਰ ਤੱਕ ਥੀਮ ‘ਸਿਹਤ ਕੇਂਦਰ ਤੇ ਹਰ ਥਾਂ ਉੱਪਰ ਨਵਜਾਤ ਬੱਚੇ ਦੇ ਸਾਂਭ ਸੰਭਾਲ ਦੀ ਗੁਣਵੱਤਾ, ਉੱਤਮਤਾ, ਪਵਿੱਤਰਤਾ ਨੂੰ ਯਕੀਨੀ ਬਣਾਉਣਾ’ ਅਧੀਨ ਸਾਰੇ ਜ਼ਿਲ੍ਹੇ ਵਿੱਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਜੱਚਾ ਬੱਚਾ ਸਿਹਤ ਸੰਭਾਲ ਦੇ ਉੱਤਮ ਪੱਧਰ ਲਈ ਵਚਨਬੱਧ ਤੇ ਯਤਨਸ਼ੀਲ ਹੈ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾਕਟਰ ਡਾ. ਰਵਿੰਦਰ ਮਹਿਤਾ ਨੇ ਦੱਸਿਆ ਕਿ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਪਹਿਲਾਂ ਗਾੜਾ-ਪੀਲਾ ਦੁੱਧ ਪਿਲਾਉਣਾ ਜ਼ਰੂਰੀ ਹੈ, ਕਿਉਂਕਿ ਮਾਂ ਦੇ ਪਹਿਲੇ ਦੁੱਧ ਤੋਂ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ ਮੌਕੇ ਡਾ ਲਖਬੀਰ ਕੌਰ ਡੀ.ਐਫ.ਪੀ.ਓ ਬਰਨਾਲਾ, ਡਾ. ਅਵੀਨਾਸ਼ ਬਾਂਸਲ ਅੱਖਾਂ ਦੇ ਮਾਹਿਰ , ਡਾ ਈਸ਼ਾ ਗੁਪਤਾ ਔਰਤ ਰੋਗਾਂ ਦੇ ਮਾਹਿਰ , ਕੁਲਦੀਪ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਅਤੇ ਹੋਰ ਸਿਹਤ ਸਟਾਫ ਤੇ ਆਮ ਲੋਕ ਹਾਜ਼ਰ ਸਨ।