ਤਪਾ ਮੰਡੀ: ਨੇਚਰ ਕੰਜ਼ਰਵੈਂਸੀ ਸੰਸਥਾ ਵੱਲੋਂ ਪਰਾਲੀ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਚਾਰ ਜਾਗਰੂਕਤਾ ਵੈਨਾਂ ਵੱਖ-ਵੱਖ ਪਿੰਡਾਂ ਵਿੱਚ ਰਵਾਨਾ ਕੀਤੀਆਂ ਗਈਆਂ। ਇਨ੍ਹਾਂ ਵੈਨਾਂ ਨੂੰ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਹਰੀ ਝੰਡੀ ਦਿਖਾਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਨਾਂ ਦਾ ਉਦੇਸ਼ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਿਰੁੱਧ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ। ਸੰਸਥਾ ਦੇ ਜ਼ਿਲ੍ਹਾ ਕੋਆਰਡੀਨੇਟਰ ਧਰਮਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਨੇਚਰ ਕੰਜ਼ਰਵੈਂਸੀ ਸੰਸਥਾ ਕੁਦਰਤੀ ਸਰੋਤਾਂ ਮਿੱਟੀ, ਹਵਾ, ਪਾਣੀ ਅਤੇ ਵਾਤਾ ਵਾਤਾਵਰਨ ਦੀ ਸਾਂਭ ਸੰਭਾਲ ਤੇ ਇਨ੍ਹਾਂ ਕੁਦਰਤੀ ਨਿਆਮਤਾਂ ਦੀ ਦੁਰਵਰਤੋਂ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਮੌਕੇ ਧਰਮਿੰਦਰ ਸਿੰਘ ਧਾਲੀਵਾਲ ਨੇ ਸੰਸਥਾ ਵੱਲੋਂ ਡੀਸੀ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ