ਨਿਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 24 ਫ਼ਰਵਰੀ
ਕਸਬਾ ਮੱਲਾਂਵਾਲਾ ’ਚ ਅੱਜ ਸਵੇਰੇ ਦਸ ਵਜੇ ਦੇ ਕਰੀਬ ਭਾਰਤ ਫ਼ਾਇਨਾਂਸ ਕੰਪਨੀ ਦੇ ਦਫ਼ਤਰ ਵਿਚ ਡਾਕਾ ਮਾਰਨ ਆਏ ਚਾਰ ਲੁਟੇਰਿਆਂ ਵਿਚੋਂ ਇੱਕ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ ਜਦੋਂ ਕਿ ਤਿੰਨ ਮੁਲਜ਼ਮ ਭੱਜਣ ਵਿਚ ਸਫ਼ਲ ਰਹੇ। ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਕੰਪਨੀ ਦਾ ਦਫ਼ਤਰ ਤੀਜੀ ਮੰਜ਼ਿਲ ’ਤੇ ਹੈ। ਮੈਨੇਜਰ ਨੇ ਅੱਜ ਸਵੇਰੇ ਦਫਤਰ ਖੋਲ੍ਹਿਆ। ਕੁਝ ਦੇਰ ਬਾਅਦ ਹੀ ਕਾਰ ’ਤੇ ਆਏ ਚਾਰ ਨਕਾਬਪੋਸ਼ ਹਥਿਆਰਬੰਦ ਲੁਟੇਰੇ ਉਸ ਦੇ ਦਫ਼ਤਰ ਵਿੱਚ ਦਾਖਲ ਹੋਏ। ਉਨ੍ਹਾਂ ਦਾ ਇਕ ਸਾਥੀ ਕਾਰ ਸਟਾਰਟ ਕਰਕੇ ਖੜ੍ਹਾ ਸੀ। ਲੁਟੇਰਿਆਂ ਨੇ ਮੈਨੇਜਰ ’ਤੇ ਪਿਸਤੌਲ ਤਾਣ ਦਿੱਤੀ ਤੇ ਤਿਜੋਰੀ ਦੀਆਂ ਚਾਬੀਆਂ ਮੰਗੀਆਂ। ਹੇਠਲੇ ਦੁਕਾਨਦਾਰ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਨੇ ਦਰਵਾਜ਼ਾ ਬੰਦ ਕਰ ਕੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਆਪਣੇ ਆਪ ਨੂੰ ਫਸਦਾ ਦੇਖ ਲੁਟੇਰਿਆਂ ਵਿੱਚ ਅਫਰਾ-ਤਫਰੀ ਮਚ ਗਈ ਤੇ ਉਹ ਇਮਾਰਤ ਤੋਂ ਹੇਠਲੀ ਛੱਤ ’ਤੇ ਛਲਾਂਗ ਮਾਰ ਕੇ ਫ਼ਰਾਰ ਹੋ ਗਏ। ਇੱਕ ਲੁਟੇਰੇ ਨੂੰ ਲੋਕਾਂ ਨੇ ਕਾਬੂ ਕਰ ਲਿਆ ਤੇ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ। ਐਸਐਸਪੀ ਨਰਿੰਦਰ ਭਾਰਗਵ ਤੇ ਕਈ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ।