ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਇਥੋਂ ਦੇ ਮੇਨ ਚੌਕ ਵਿੱਚ ਦੁਕਾਨਦਾਰ ਮੋਹਨ ਲਾਲ ਆਪਣੀ ਦੁਕਾਨ ਬੰਦ ਕਰ ਕੇ ਬੀਤੀ ਰਾਤ ਘਰ ਵਾਪਸ ਜਾ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਰੌਲਾ ਪੈਣ ’ਤੇ ਆਸਪਾਸ ਦੇ ਲੋਕਾਂ ਨੇ ਦੁਕਾਨਦਾਰ ਨੂੰ ਛੁਡਾਇਆ ਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮੌਕੇ ’ਤੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਜ਼ਖ਼ਮੀ ਦੁਕਾਨਦਾਰ ਨੂੰ ਕਥਿਤ ਤੌਰ ’ਤੇ ਮੁੱਢਲੀ ਸਹਾਇਤਾ ਨਹੀਂ ਦਿੱਤੀ ਗਈ ਜਿਸ ਕਾਰਨ ਸ਼ਹਿਰ ਵਾਸੀਆਂ ਤੇ ਡਾਕਟਰਾਂ ਵਿਚਕਾਰ ਕਾਫ਼ੀ ਬਹਿਸ ਹੋਈ। ਜਦੋਂ ਦੁਕਾਨਦਾਰ ਦਰਦ ਨਾਲ ਤੜਪ ਰਿਹਾ ਸੀ ਤਾਂ ਉਸ ਨੂੰ ਮਜਬੂਰਨ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਹਿੰਸਕ ਘਟਨਾ ਬਾਰੇ ਪੁਲੀਸ ਵੱਲੋਂ ਕਥਿਤ ਤੌਰ ’ਤੇ ਠੋਸ ਕਾਰਵਾਈ ਨਾ ਕਰਨ ’ਤੇ ਸ਼ਹਿਰ ਵਾਸੀਆਂ ਨੇ ਬੀਤੀ ਰਾਤ ਨਿੱਜੀ ਹਸਪਤਾਲ ਦੇ ਮੇਨ ਗੇਟ ਅੱਗੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਧਰਨਾ ਲਗਾ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਇੰਚਾਰਜ ਨਾਲ ਗੱਲ ਕਰਨੀ ਚਾਹੀ ਤਾਂ ਕਈ ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ।