ਨਿੱਜੀ ਪੱਤਰ ਪ੍ਰੇਰਕ
ਮੋਗਾ, 23 ਅਪਰੈਲ
ਕਸਬਾ ਅਜੀਤਵਾਲ ਵਿਖੇ ਅੱਜ ਹਥਿਆਰਬੰਦ ਲੁਟੇਰਿਆਂ ਵੱਲੋਂ ਪ੍ਰਾਈਵੇਟ ਡਾਕਟਰ ’ਤੇ ਹਮਲਾ ਕਰਕੇ ਗਹਿਣੇ ਲੁੱਟਣ ਦੀ ਵਾਰਦਾਤ ਕਾਰਨ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ। ਚਾਰ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਸਵੇਰੇ ਤਕਰੀਬਨ 4 ਵਜੇ ਅਜੀਤਵਾਲ ਵਿਚ ਪ੍ਰਾਈਵੇਟ ਡਾਕਟਰ ਅਗਿਆਪਾਲ ਵਰਮਾ ਦਾ ਮਰੀਜ਼ ਬਣ ਕੇ ਦਰਵਾਜ਼ਾ ਖੁੱਲ੍ਹਵਾਇਆ। ਉਹ ਘਰ ਵਿੱਚ ਮਰੀਜ਼ਾਂ ਦਾ ਇਲਾਜ ਕਰਦੇ ਹਨ। ਲੁਟੇਰਿਆਂ ਨੇ ਦਰਵਾਜ਼ਾ ਖੁਲ੍ਹਦੇ ਹੀ ਡਾ.ਆਗਿਆਪਾਲ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਜਦੋਂ ਉਸ ਦਾ ਪੁੱਤਰ ਆਪਣੇ ਪਿਤਾ ਨੂੰ ਛੁਡਾਉਣ ਆਇਆ ਤਾਂ ਬਦਮਾਸ਼ਾਂ ਨੇ ਉਸ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਲੁਟੇਰਿਆਂ ਨੇ ਡਾਕਟਰ ਦੀ ਪਤਨੀ ਦੀ ਸੋਨੇ ਦੇ ਗਹਿਣੇ ਚੇਨ, ਚੂੜੀਆਂ ਅਤੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਤੇ ਫ਼ਰਾਰ ਹੋ ਗਏ।