ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 16 ਨਵੰਬਰ
ਇੱਥੇ ਗੁਰੂ ਤੇਗ ਬਹਾਦੁਰ ਨਗਰ ਦੀ ਗਲੀ ਨੰਬਰ ਇੱਕ ’ਚ ਸੁੱਤੇ ਪਰਿਵਾਰ ’ਤੇ ਹਮਲਾ ਕਰਕੇ ਪਰਿਵਾਰ ਦੇ ਤਿੰਨ ਜੀਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ।
ਜ਼ਖ਼ਮੀਆਂ ਵਿੱਚ ਸ਼ਾਮਲ ਘਰ ਦਾ ਮੁਖੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿੱਚ ਦਾਖਲ ਹੈ, ਜਦੋਂ ਕਿ ਉਸ ਦੀ ਪਤਨੀ ਸੋਨੀ ਕੌਰ ਅਤੇ ਸੱਸ ਵੀਰਪਾਲ ਕੌਰ ਪੀਜੀਆਈ ਚੰਡੀਗੜ੍ਹ ‘ਚ ਇਲਾਜ ਅਧੀਨ ਹਨ। ਪੁਲੀਸ ਨੇ ਮੁਲਜ਼ਮ ਸਤਨਾਮ ਸਿੰਘ ਉਰਫ ਸੱਤਾ ਖ਼ਿਲਾਫ਼ ਕੇਸ ਦਰਜ ਕੀਤਾ।
ਪੁਲੀਸ ਨੂੰ ਦਿੱਤੇ ਬਿਆਨ ‘ਚ 46 ਸਾਲ ਦੇ ਬਿੰਦਰ ਸਿੰਘ ਨੇ ਦੱਸਿਆ ਕਿ ਉਹ ਲੰਘੀ ਰਾਤ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤਾ ਪਿਆ ਸੀ ਕਿ ਮੁਲਜ਼ਮ ਸਤਨਾਮ ਸਿੰਘ ਘਰ ਦੀ ਕੰਧ ਟੱਪ ਕੇ ਦਾਖਲ ਹੋਇਆ ਤੇ ਉਸ ਨੇ ਪਰਿਵਾਰ ‘ਤੇ ਹਮਲਾ ਕਰ ਦਿੱਤਾ।