ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 29 ਅਕਤੂਬਰ
ਮੱਲਾਂਵਾਲਾ ਪੁਲੀਸ ਨੇ ਦੋ ਨਸ਼ਾ ਤਸਕਰਾਂ ਨੂੰ ਪੁਲੀਸ ਪਾਰਟੀ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਤੇ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ। ਦੋਵਾਂ ਕੋਲੋਂ ਪੁਲੀਸ ਨੇ ਇੱਕ ਪਿਸਤੌਲ, ਨੌਂ ਕਾਰਤੂਸ, ਸੌ ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਜ਼ੀਰਾ ਵਿਚ ਤਾਇਨਾਤ ਸੀਨੀਅਰ ਸਿਪਾਹੀ ਨਿਸ਼ਾਨ ਸਿੰਘ ਸਾਥੀਆਂ ਨਾਲ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਪਿੰਡ ਹੌਲਾਂ ਵਿੱਚ ਮਨਦੀਪ ਤੇ ਅਮਨਪ੍ਰੀਤ ਪੁਲੀਸ ਨੂੰ ਦੇਖ ਕੇ ਭੱਜਣ ਲੱਗੇ। ਪੁਲੀਸ ਮੁਲਾਜ਼ਮਾਂ ਨੇ ਜਦੋਂ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਪਿੱਛੇ ਬੈਠੇ ਮੁਲਜ਼ਮ ਨੇ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਗਰੋਂ ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਲਿਆ।