ਜਗਜੀਤ ਸਿੱਧੂ
ਤਲਵੰਡੀ ਸਾਬੋ, 26 ਸਤੰਬਰ
ਪਿੰਡ ਲੇਲੇਵਾਲਾ ਦੇ ਦੋ ਸਕੇ ਫ਼ੌਜੀ ਭਰਾਵਾਂ ਦੇ ਘਰ ਬੀਤੀ ਅੱਧੀ ਰਾਤ ਵੜ ਕੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਲੋਹੇ ਦੀਆਂ ਰਾਡਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਵਾਸੀ ਅਮਰੀਕ ਸਿੰਘ (55) ਦੇ ਲੜਕੇ ਬਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਭਾਰਤੀ ਫ਼ੌਜ ਵਿੱਚ ਅਸਾਮ ਅਤੇ ਵਿਸ਼ਾਖਾਪਟਨਮ ’ਚ ਡਿਊਟੀ ਕਰਦੇ ਹਨ। ਘਰ ਵਿੱਚ ਉਨ੍ਹਾਂ ਦਾ ਪਿਤਾ ਅਮਰੀਕ ਸਿੰਘ ਅਤੇ ਮਾਤਾ ਮਲਕੀਤ ਕੌਰ (53) ਰਹਿੰਦੇ ਹਨ। ਬੀਤੀ ਰਾਤ ਜਦੋਂ ਅਮਰੀਕ ਸਿੰਘ ਤੇ ਉਸਦੀ ਪਤਨੀ ਮਲਕੀਤ ਕੌਰ ਸੁੱਤੇ ਪਏ ਸਨ ਤਾਂ ਤੜਕੇ ਇੱਕ ਕੁ ਵਜੇ ਤਿੰਨ ਨਕਾਬਪੋਸ਼ ਚੋਰ ਕੰਧ ਟੱਪ ਕੇ ਘਰ ਵਿੱਚ ਦਾਖ਼ਲ ਹੋਏ ਤੇ ਪੇਟੀਆਂ ਵਾਲਾ ਕਮਰਾ ਖੋਲ੍ਹ ਕੇ ਲਾਈਟ ਜਗਾ ਲਈ। ਇਸ ਮੌਕੇ ਅਚਾਨਕ ਮਲਕੀਤ ਕੌਰ ਨੂੰ ਜਾਗ ਆ ਗਈ। ਉਹ ਕਮਰੇ ਵੱਲ ਗਈ ਤਾਂ ਦੋ ਨੌਜਵਾਨ ਪੇਟੀਆਂ ਦੀ ਫਰੋਲਾ-ਫਰਾਲੀ ਕਰ ਰਹੇ ਸਨ ਜਿਨ੍ਹਾਂ ਨੇ ਉਸ ’ਤੇ ਹਮਲਾ ਕਰ ਕੇ ਉਸਦਾ ਗਲ ਘੁੱਟਣਾ ਸ਼ੁਰੂ ਕਰ ਦਿੱਤਾ। ਮਲਕੀਤ ਕੌਰ ਵੱਲੋਂ ਰੌਲਾ ਪਾਉਣ ’ਤੇ ਅਮਰੀਕ ਸਿੰਘ ਬੈੱਡ ਤੋਂ ਉੱਠਣ ਲੱਗਾ ਤਾਂ ਉਸਦੇ ਸਿਰਹਾਣੇ ਖੜ੍ਹੇ ਇੱਕ ਚੋਰ ਨੇ ਉਸ ਉਪਰ ਰਾਡਨੁਮਾ ਚੀਜ਼ ਨਾਲ ਹਮਲਾ ਕਰ ਦਿੱਤਾ। ਮਲਕੀਤ ਕੌਰ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਦੋਵਾਂ ਨੇ ਰੌਲਾ ਪਾਇਆ ਤਾਂ ਤਿੰਨੋਂ ਚੋਰ ਭੱਜ ਗਏ। ਰੌਲਾ ਸੁਣ ਕੇ ਅਮਰੀਕ ਸਿੰਘ ਦਾ ਭਾਈ ਮਿੱਠੂ ਸਿੰਘ ਆ ਗਿਆ ਤੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ। ਅਮਰੀਕ ਸਿੰਘ ਦੇ ਸਿਰ ਵਿੱਚ ਜ਼ਿਆਦਾ ਸੱਟਾਂ ਹਨ ਜਦਕਿ ਮਲਕੀਤ ਕੌਰ ਦੀ ਸੱਜੀ ਬਾਂਹ ’ਤੇ ਸੱਟਾਂ ਲੱਗੀਆਂ ਹਨ। ਇਸ ਵਾਰਦਾਤ ਵਿੱਚ ਕਿਸੇ ਤਰ੍ਹਾਂ ਦਾ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸੂਚਨਾ ਮਿਲਣ ’ਤੇ ਤਲਵੰਡੀ ਸਾਬੋ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਏਐੱਸਆਈ ਲਛਮਣ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਦੇ ਬਿਆਨਾਂ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।