ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 15 ਅਪਰੈਲ
ਪਿੰਡ ਮੌੜ ’ਚ ਆਪਣੇ ਦੋਸਤ ਦੇ ਬੱਚੇ ਨੂੰ ਦਵਾਈ ਦੁਆਉਣ ਲਈ ਜਾ ਰਹੇ ਇਕ ਔਰਤ ਸਣੇ ਤਿੰਨ ਵਿਅਕਤੀ ਅਤੇ ਬੀਮਾਰ ਬੱਚੇ ’ਤੇ ਜਾਨਲੇਵਾ ਹਮਲਾ ਕਰਨ ’ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜਣਿਆਂ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਕੋਟਕਪੂਰਾ ਪੁਲੀਸ ਨੇ ਇਸ ਸਬੰਧ ਵਿੱਚ ਅਣਪਛਾਤੇ ਮੁਲਜ਼ਮਾਂ ਵਿਰੁੱਧ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਕਰਕੇ ਤਫ਼ਤੀਸ਼ ਆਰੰਭ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਚਾਲੀ ਸਾਲਾ ਨੌਜਵਾਨ ਅੰਗਰੇਜ਼ ਸਿੰਘ ਆਪਣੇ ਦੋਸਤ ਦੇ ਬੱਚੇ ਦੀ ਤਬੀਅਤ ਖਰਾਬ ਹੋਣ ’ਤੇ ਦੇਰ ਰਾਤ ਹਰੀਨੌਂ ਰੋਡ ’ਤੇ ਡਰੇਨ ਕੋਲੋਂ ਲੰਘ ਰਹੇ ਸਨ ਕਿ ਅਣਪਛਾਤੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਹਮਲੇ ਦੌਰਾਨ ਅੰਗਰੇਜ਼ ਸਿੰਘ ਦੇ ਸਿਰ ’ਤੇ ਵਾਰ ਕੀਤੇ ਗਏ ਜਿਸ ਦੇ ਚੱਲਦਿਆਂ ਮੌਕੇ ’ਤੇ ਉਸਦੀ ਮੌਤ ਹੋ ਗਈ ਜਦੋਂਕਿ ਉਸਦਾ ਦੋਸਤ ਅਤੇ ਉਸਦੀ ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਰਾਹਗੀਰਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿੱਚ ਭਰਤੀ ਕਰਵਾਇਆ ਗਿਆ। ਇਸ ਵੇਲੇ ਇਹ ਤਿੰਨੋਂ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਡੀਐੱਸਪੀ ਕੋਟਕਪੂਰਾ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਨੂੰ ਇਸ ਵਾਰਦਾਤ ਦੀ ਸੂਚਨਾ ਸਿਵਲ ਹਸਪਤਾਲ ਕੋਟਕਪੂਰਾ ਵਿੱਚੋਂ ਮਿਲੀ ਜਦੋਂ ਇਨ੍ਹਾਂ ਤਿੰਨਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਹੱਤਿਆ ਦਾ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਇਸ ਘਟਨਾ ਵਿਚ ਲੁੱਟ-ਖੋਹ ਦੇ ਮੰਤਵ ਨੂੰ ਸਿਰੇ ਤੋਂ ਇਨਕਾਰ ਕਰਦਿਆਂ ਆਖਿਆ ਕਿ ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮੁਲਜ਼ਮਾਂ ਦਾ ਵਾਰਦਾਤ ਨੂੰ ਅੰਜਾਮ ਦੇਣ ਪਿੱਛੇ ਕੀ ਮੰਤਵ ਹੋ ਸਕਦਾ ਹੈ। ਜਲਦੀ ਹੀ ਤੱਥ ਸਪੱਸ਼ਟ ਹੋਣਗੇ।