ਲਖਵੀਰ ਸਿੰਘ ਚੀਮਾ
ਟੱਲੇਵਾਲ, 13 ਮਈ
ਪਿੰਡ ਚੀਮਾ ਦੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ’ਤੇ ਦੋ ਨਕਾਬਪੋਸ਼ਾਂ ਵੱਲੋਂ ਲੁੱਟ ਦੀ ਨੀਯਤ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਸਬੰਧੀ ਕਬੱਡੀ ਖਿਡਾਰੀ ਕੁਲਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸੁਖਪਾਲ ਸਿੰਘ ਬਖਤਗੜ੍ਹ ਰੋਡ ’ਤੇ ਡਰੇਨ ਕੋਲ ਆਪਣੇ ਖੇਤ ਕੰਮ ਕਰ ਰਿਹਾ ਸੀ। ਸ਼ਾਮ ਕਰੀਬ ਸਾਢੇ 5 ਵਜੇ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਨਕਾਬਪੋਸ਼ ਨੌਜਵਾਨ ਪਾਣੀ ਪੀਣ ਦੇ ਬਹਾਨੇ ਖੇਤ ਆਏ। ਇਨ੍ਹਾਂ ਵਿੱਚੋਂ ਇੱਕ ਮੋਟਰ ’ਤੇ ਪਾਣੀ ਪੀਣ ਲੱਗ ਗਿਆ ਅਤੇ ਦੂਜੇ ਨੌਜਵਾਨ ਨੇ ਆਪਣੇ ਹੱਥ ’ਚ ਫ਼ੜੇ ਸਰੀਏ ਨੂੰ ਸਿੱਧਾ ਉਸ ਦੇ ਪਿਤਾ ਸੁਖਪਾਲ ਸਿੰਘ ਵੱਲ ਛੱਡ ਦਿੱਤਾ, ਪਰ ਬਚਾਅ ਰਹਿ ਗਿਆ। ਜਦੋਂ ਉਹ ਦੂਜੀ ਵਾਰ ਸਰੀਆ ਮਾਰਨ ਲੱਗਿਆ ਤਾਂ ਉਸ ਦੇ ਪਿਤਾ ਨੇ ਨੌਜਵਾਨ ਨੂੰ ਜੱਫ਼ਾ ਮਾਰ ਲਿਆ। ਮਗਰੋਂ ਦੂਜੇ ਨੌਜਵਾਨ ਨੇ ਨੇੜੇ ਪਈ ਕਹੀ ਚੁੱਕ ਕੇ ਵਾਰ ਕਰ ਦਿੱਤਾ। ਉਸ ਦੇ ਪਿਤਾ ਨੇ ਜਾਨ ਬਚਾਉਣ ਲਈ ਹੱਥ ਅੱਗੇ ਕਰ ਦਿੱਤੇ, ਜਿਸ ਨਾਲ ਉਸਦੇ ਇੱਕ ਹੱਥ ਦੀਆਂ ਉਂਗਲਾਂ ਕੱਟੀਆਂ ਗਈਆਂ।
ਰੌਲਾ ਪਾਉਣ ’ਤੇ ਆਸੇ ਪਾਸੇ ਦੇ ਕਿਸਾਨ ਇਕੱਠੇ ਹੋ ਗਏ ਅਤੇ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ’ਤੇ ਫਰਾਰ ਹੋ ਗਏ। ਉਸ ਦੇ ਪਿਤਾ ਸੁਖਪਾਲ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਬਰਨਾਲਾ ਦੇ ਸਰਸਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ। ਇਸ ਸਬੰਧੀ ਪੱਖੋ-ਕੈਂਚੀਆਂ ਪੁਲੀਸ ਚੌਕੀ ਇੰਚਾਰਜ ਕਮਲਦੀਪ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਕਿਸਾਨ ਦੇ ਬਿਆਨ ਦਰਜ ਕਰ ਲਏ ਹਨ। ਡਾਕਟਰੀ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।