ਨਿੱਜੀ ਪੱਤਰ ਪ੍ਰੇਰਕ
ਮੌੜ ਮੰਡੀ, 21 ਸਤੰਬਰ
ਸ਼ਹਿਰ ’ਚ ਕੈਮਿਸਟ ਦੀ ਦੁਕਾਨ ਕਰਦੇ ਇੱਕ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਦੁਕਾਨਦਾਰ ਨੂੰ ਜ਼ਖ਼ਮੀ ਕਰ ਦਿੱਤੀ। ਇਸ ਸਬੰਧੀ ਪੁਲੀਸ ਵੱਲੋਂ ਕੇਸ ਦਰਜ ਨਾ ਕੀਤੇ ਜਾਣ ਖ਼ਿਲਾਫ਼ ਮੰਡੀ ਵਾਸੀਆਂ ਨੇ ਅੱਜ ਸ਼ਹਿਰ ਦੇ ਬੋਹੜ ਵਾਲਾ ਚੌਕ ਵਿੱਚ ਧਰਨਾ ਦਿੱਤਾ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜ਼ੇਸ਼ ਜੈਨ ਤੋਂ ਇਲਾਵਾ ਕੈਮਿਸਟ ਐਸੋਸ਼ੀਏਸ਼ਨ ਬਠਿੰਡਾ ਦੇ ਜਰਨਲ ਸਕੱਤਰ ਆਦਿ ਨੇ ਕਿਹਾ ਕਿ ਪੁਲੀਸ ਨੇ ਮੰਡੀ ਵਾਸੀਆਂ ਨੂੰ ਲੁਟੇਰਿਆਂ ਤੇ ਗੁੰਡਿਆਂ ਦੇ ਰਹਿਮੋ ਕਰਮ ’ਤੇ ਛੱਡ ਦਿੱਤਾ ਹੈ ਜਿਸ ਕਰ ਕੇ ਲੋਕ ਲਗਾਤਾਰ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਪੀੜਿਤਾਂ ਵੱਲੋ ਪੁਲੀਸ ਥਾਣੇ ਜਾ ਕੇ ਸੂਚਨਾ ਦੇਣ ਤੋ ਵੀ ਪਾਸਾ ਵੱਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਕੈਮਿਸਟ ਤਰਸੇਮ ਕੁਮਾਰ ਢੈਪਈ ’ਤੇ ਹਮਲਾ ਹੋਣ ਤੋਂ 30 ਘੰਟੇ ਬਾਅਦ ਵੀ ਪੁਲੀਸ ਵੱਲੋ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਮੰਡੀ ਵਾਸੀਆਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਪੁੱਜੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਵੀ ਮੰਡੀ ਵਾਸੀਆਂ ਨੇ ਖਰੀਆਂ ਖਰੀਆਂ ਸੁਣਾਈਆਂ।