ਲਖਵੀਰ ਸਿੰਘ ਚੀਮਾ
ਟੱਲੇਵਾਲ, 20 ਦਸੰਬਰ
ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿੱਚ ਅੱਜ ਦਿਨ ਚੜ੍ਹਦੇ ਹੀ ਕਥਿਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਦੋਂ ਇੱਕ ਘਰ ਵਿੱਚ ਦਾਖ਼ਲ ਹੋ ਕੇ ਪੰਜ ਨੌਜਵਾਨਾਂ ਨੇ ਔਰਤ ਤੇ ਜਾਨ ਲੇਵਾ ਹਮਲਾ ਕਰ ਦਿੱਤਾ। ਅਣਪਛਾਤੇ ਨੌਜਵਾਨਾਂ ਨੇ ਔਰਤ ਦੀਆਂ ਦੋਵੇਂ ਲੱਤਾਂ ਅਤੇ ਇੱਕ ਬਾਂਹ ਤੋੜ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਥਾਨ ਉੱਤੇ ਪੁਲੀਸ ਮੁਲਾਜ਼ਮ ਵੀ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਜ਼ਖ਼ਮੀ ਔਰਤ ਨੂੰ ਐਂਬੂਲੈਂਸ ਰਾਹੀਂ ਬਰਨਾਲਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਮਲੇ ਦਾ ਕਾਰਨ ਪੀੜਤ ਪਰਿਵਾਰ ਦੀ ਵਿਦੇਸ਼ ਗਈ ਲੜਕੀ ਸਬੰਧੀ ਵਿਵਾਦ ਦੱਸਿਆ ਜਾ ਰਿਹਾ ਹੈ।