ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 24 ਅਗਸਤ
ਮਾਲਵੇ ਵਿੱਚ ਗੁਲਾਬੀ ਸੁੰਡੀ ਵੱਲੋਂ ਨਰਮਾ ਕਾਸ਼ਤਕਾਰਾਂ ਦਾ ਲੱਕ ਤੋੜਨ ਤੋਂ ਬਾਅਦ ਹੁਣ ਸਾਉਣੀ ਦੀ ਮੁੱਖ ਫਸਲ ਝੋਨੇ ’ਤੇ ਵੀ ਪੱਤਾ ਲਪੇਟ ਤੇ ਗੋਭ ਵਾਲੀ ਸੁੰਡੀ ਦਾ ਹਮਲਾ ਹੋ ਗਿਆ ਹੈ। ਸੁੰਡੀ ਦੇ ਹਮਲੇ ਤੋਂ ਘਬਰਾਏ ਕਿਸਾਨ ਖੇਤੀਬਾੜੀ ਵਿਭਾਗ ਦੀਆਂ ਸ਼ਿਫਾਰਿਸ਼ਾਂ ਤੋਂ ਆਕੀ ਹੋ ਕੀਟਨਾਸ਼ਕ ਵਿਕਰੇਤਾਵਾਂ ਦੀਆਂ ਸ਼ਿਫਾਰਿਸ਼ਾਂ ਅਨੁਸਾਰ ਮਹਿੰਗੇ ਭਾਅ ਦੀਆਂ ਸਪਰੇਆਂ ਕਰਨ ਲੱਗੇ ਹਨ । ਪਰ ਦੂਜੇ ਪਾਸੇ ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਪਿੰਡਾਂ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਫਸਲਾਂ ਦੀ ਸੰਭਾਲ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ।
ਇਨ੍ਹੀਂ ਦਿਨੀਂ ਮੌਸਮ ਸੁੰਡੀ ਦੇ ਭਾਵੇਂ ਕੋਈ ਬਹੁਤਾ ਅਨਕੂਲ ਨਹੀਂ ਹੈ ਪਰ ਸੁੰਡੀ ਦਾ ਹਮਲਾ ਘਟਣ ਦੇ ਵੀ ਆਸਾਰ ਨਹੀਂ ਹਨ, ਜਿਸ ਕਰਕੇ ਕਿਸਾਨ ਧੜਾਧੜ ਸਪਰੇਆਂ ਕਰ ਰਹੇ ਹਨ। ਭੈਣੀ ਫੱਤਾ ਦੇ ਕਿਸਾਨ ਲਾਲੀ ਨੰਬਰਦਾਰ ਨੇ ਕਿਹਾ ਕੇ ਉਸਦੇ ਖੇਤ ਵਿੱਚ ਪੱਤਾ ਲਪੇਟ ਤੇ ਗੋਭ ਵਾਲੀ ਸੁੰਡੀ ਦੇ ਹਮਲੇ ਦੇ ਨਾਲ ਨਾਲ ਸੀਥ ਬਲਾਈਟ ਦੇ ਮੁੱਢਲੇ ਲੱਛਣ ਵੀ ਨਜ਼ਰ ਆਏ ਹਨ, ਜਿਸ ਕਰਕੇ ਉਸਨੇ ਸਪਰੇਅ ਕਰਨ ਨੂੰ ਹੀ ਤਰਜੀਹ ਦਿੱਤੀ ਹੈ।
ਇਸੇ ਤਰ੍ਹਾਂ ਪੱਖੋ ਕਲਾਂ ਦੇ ਆਗਾਂਹਵਧੂ ਕਿਸਾਨ ਸੁਖਜੀਤ ਸਿੰਘ ਨੇ ਵੀ ਝੋਨੇ ਦੀ ਫਸਲ ’ਤੇ ਸੁੰਡੀ ਦੀ ਰੋਕਥਾਮ ਲਈ ਸਪਰੇਅ ਕਰ ਦਿੱਤੀ ਹੈ। ਬਲਾਕ ਖੇਤੀਬਾਡੀ ਅਫਸਰ ਸੁਖਪਾਲ ਸਿੰਘ ਨੇ ਝੋਨੇ ’ਤੇ ਸੁੰਡੀ ਦੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸੁੰਡੀ ਦਾ ਹਮਲਾ ਭਾਵੇਂ ਕੋਈ ਬਹੁਤਾ ਖਤਰਨਾਕ ਰੂਪ ਨਹੀਂ ਲੈਂਦਾ ਪਰ ਹੁਣ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਪਰੇਅ ਕਰ ਦੇਣੀ ਚਾਹੀਦੀ ਹੈ ਤਾਂ ਜੋ ਇਸ ਹਮਲੇ ਨੂੰ ਠੱਲਿਆ ਜਾ ਸਕੇ।