ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 22 ਸਤੰਬਰ
ਰਾਮਾਂ ਮੰਡੀ ਦੇ ਦੋ ਆੜ੍ਹਤੀਆਂ ਵੱਲੋਂ ਕਰਜ਼ੇ ਬਦਲੇ ਅਦਾਲਤ ਵਿੱਚੋਂ ਪਿੰਡ ਚੱਠੇਵਾਲਾ ਦੇ ਦੋ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਸਬੰਧੀ ਲਿਆਂਦੇ ਹੁਕਮਾਂ ਦਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਵਿਰੋਧ ਕੀਤਾ ਅਤੇ ਤਹਿਸੀਲਦਾਰ ਦਫ਼ਤਰ ਤਲਵੰਡੀ ਸਾਬੋ ਅੱਗੇ ਧਰਨਾ ਦੇ ਕੇ ਜ਼ਮੀਨ ਦੀ ਕੁਰਕੀ ਰੁਕਵਾਈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਆਗੂਆਂ ਕਾਲਾ ਸਿੰਘ ਚੱਠੇ ਵਾਲਾ, ਕੁਲਵਿੰਦਰ ਸਿੰਘ ਗਿਆਨਾ, ਬਿੰਦਰ ਸਿੰਘ ਜੋਗੇਵਾਲਾ ਅਤੇ ਰਣਜੋਧ ਸਿੰਘ ਮਾਹੀਨੰਗਲ ਨੇ ਦੱਸਿਆ ਕਿ ਕਰਜ਼ੇ ਬਦਲੇ ਚੱਠੇ ਵਾਲਾ ਦੇ ਦੋ ਕਿਸਾਨਾਂ ਬੰਤ ਸਿੰਘ ਦੀ ਜ਼ਮੀਨ ਦੀ ਨਿਲਾਮੀ ਰਾਮਾਂ ਮੰਡੀ ਦੇ ਆੜ੍ਹਤੀਏ ਅਸ਼ੋਕ ਕੁਮਾਰ ਅਤੇ ਦੂਜੇ ਕਿਸਾਨ ਲਾਭ ਸਿੰਘ ਦੀ ਜ਼ਮੀਨ ਦੀ ਕੁਰਕੀ ਆੜ੍ਹਤੀਏ ਰਾਮ ਕੁਮਾਰ ਵੱਲੋਂ ਅੱਜ ਤਹਿਸੀਲਦਾਰ ਦਫਤਰ ਤਲਵੰਡੀ ਸਾਬੋ ਵਿੱਚ ਕਰਵਾਈ ਜਾਣੀ ਸੀ। ਇਸ ਦੀ ਜਾਣਕਾਰੀ ਪੀੜਤ ਕਿਸਾਨਾਂ ਵੱਲੋਂ ਕਿਸਾਨ ਯੂਨੀਅਨ ਬਲਾਕ ਟੀਮ ਤਲਵੰਡੀ ਸਾਬੋ ਦੇ ਧਿਆਨ ਵਿੱਚ ਲਿਆਉਣ ’ਤੇ ਟੀਮ ਦੀ ਅਗਵਾਈ ਵਿੱਚ ਨਿਲਾਮੀ ਦੇ ਵਿਰੋਧ ਵਿੱਚ ਤਹਿਸੀਲਦਾਰ ਦਫਤਰ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਇਨ੍ਹਾਂ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਨਹੀਂ ਹੋ ਸਕੀ।
ਕਿਸਾਨ ਆਗੂਆਂ ਨੇ ਕਿਹਾ ਕਿ ਕਰਜ਼ੇ ਬਦਲੇ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਦੀ ਜ਼ਮੀਨ, ਘਰ ਅਤੇ ਸੰਦਾਂ ਦੀ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ।