ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਜਨਵਰੀ
ਸੂਬੇ’ਚ ਵਿਧਾਨ ਸਭਾ ਚੋਣਾਂ ਦੌਰਾਨ ਪੇਂਡੂ ਖੇਤਰਾਂ ਵਿੱਚ ਭੱਠੀਆਂ ਲਾ ਕੇ ਲਾਹਣ ਕੱਢਣ ਦੇ ਰੁਝਾਨ ਵਿੱਚ ਤੇਜ਼ੀ ਆ ਗਈ ਹੈ। ਬਾਜ਼ਾਰ ਵਿੱਚ ਅਚਨਚੇਤੀ ਗੁੜ ਦੀ ਵਿਕਰੀ ਵੀ ਤੇਜ਼ੀ ਨਾਲ ਵਧ ਰਹੀ ਹੈ। ਅਫ਼ੀਮ ਤੇ ਚਿੱਟੇ ਦੇ ਤਸਕਰ ਵੀ ਸਰਗਰਮ ਹੋ ਗਏ ਹਨ। ਸਿਆਸੀ ਆਗੂਆਂ ਵੱਲੋਂ ਵੋਟਰਾਂ ਤੇ ਵਰਕਰਾਂ ਨੂੰ ਰਿਝਾਉਣ ਲਈ ਸ਼ਰਾਬ ਵੰਡਣ ਲਈ ਵਿਉਤਾਂ ਵੀ ਸ਼ੁਰੂ ਹੋ ਗਈਆਂ ਹਨ।
ਡੀਐੱਸਪੀ ਧਰਮਕੋਟ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਨਸ਼ਿਆਂ ਦੇ ਹੱਬ ਮੰਨੇ ਜਾਂਦੇ ਸਤਲੁਜ ਦਰਿਆ ਨੇੜਲੇ ਪਿੰਡਾਂ ’ਚ ਪੁਲੀਸ ਵੱਲੋਂ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਨਾਕਾਬੰਦੀ ਕਰਕੇ ਵਾਹਨਾਂ ਦੀ ਨਿਰੰਤਰ ਤਲਾਸ਼ੀ ਲਈ ਜਾ ਰਹੀ ਹੈ।। ਦੇਸੀ ਸ਼ਰਾਬ ਨੂੰ ਗੁੜ ਦੇ ਸ਼ੀਰੇ ਤੋਂ ਤਿਆਰ ਕੀਤਾ ਜਾਂਦਾ ਹੈ ਪਰ ਹੋਰ ਨਸ਼ੀਲੀ ਬਣਾਉਣ ਲਈ ਇਸ ਵਿੱਚ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਅਕਸਰ ਮਨੁੱਖੀ ਮੌਤਾਂ ਦਾ ਕਾਰਨ ਬਣ ਰਹੀ ਹੈ। ਸੂਬੇ ’ਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਥਾਣਾ ਕੋਟ ਈਸੇ ਖਾਂ ਪੁਲੀਸ ਨੇ 3 ਕੁਇੰਟਲ, ਨਿਹਾਲ ਸਿੰਘ ਵਾਲਾ ਪੁਲੀਸ ਨੇ 3 ਕੁਇੰਟਲ ਬਾਘਾਪੁਰਾਣਾ ਪੁਲੀਸ ਨੇ ਚਾਲੂ ਭੱਠੀ ਸਮੇਤ 90 ਲਿਟਰ ਤੇ ਬੱਧਨੀ ਕਲਾਂ ਪੁਲੀਸ ਨੇ ਪਿੰਡ ਦੌਧਰ ’ਚੋਂ ਸ਼ਰਾਬ ਦੀ ਚਾਲੂ ਭੱਠੀ ਤੇ 80 ਲਿਟਰ ਲਾਹਣ ਬਰਾਮਦ ਕੀਤੀ ਹੈ।
ਅਫ਼ੀਮ ਤੇ ਚਿੱਟੇ ਦੇ ਤਸਕਰ ਵੀ ਸਰਗਰਮ ਹੋ ਗਏ ਹਨ ਸਿਟੀ ਪੁਲੀਸ ਨੇ ਸਵਾ ਕਿਲੋ ਅਫ਼ੀਮ ਸਮੇਤ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵੱਡੀ ਮਾਤਰਾ ਵਿੱਚ ਸ਼ਰਾਬ ਜ਼ਬਤ ਕਰਕੇ ਲੋਕਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ।
ਚੋਣ ਕਮਿਸ਼ਨ ਵੱਲੋਂ ਸ਼ਰਾਬ ਤੇ ਹੋਰ ਨਸ਼ੇ ਵੰਡਣ ਤੋਂ ਰੋਕਣ ਲਈ ਭਾਵੇਂ ਕਾਫੀ ਸਖ਼ਤੀ ਕੀਤੀ ਹੋਈ ਹੈ ਪਰ ਇਸ ਦੇ ਬਾਵਜੂਦ ਅੱਖ ਬਚਾ ਕੇ ਦਾਰੂ ਵੰਡਣ ਲਈ ਬਚ-ਬਚਾ ਕੇ ਸ਼ਰਾਬ ਨੂੰ ਆਪਣੇ ਵਿਸ਼ਵਾਸਪਾਤਰਾਂ ਦੇ ਟਿਕਾਣੇ ’ਤੇ ਪਹੁੰਚਾਉਣ ਦੇ ਪ੍ਰਬੰਧ ਹੋ ਰਹੇ ਹਨ। ਥਿਨਰ ਤੇ ਅਲਕੋਹਲ ਮਿਲਾ ਕੇ ਤਿਆਰ ਹੋ ਰਹੀ ਨਾਜਾਇਜ਼ ਸ਼ਰਾਬ 50 ਲਿਟਰ ਅਲਕੋਹਲ ਤੋਂ 200 ਤੋਂ ਵੱਧ ਬੋਤਲਾਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਅਜਿਹੀ ਹੀ ਸ਼ਰਾਬ ਪੀਣ ਨਾਲ ਤਰਨ ਤਾਰਨ ਵਿਚ ਜੁਲਾਈ 2020 ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲਗਪਗ 20 ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਸਰਕਾਰ ਜਾਗੀ ਹੈ ਅਤੇ ਨਾ ਹੀ ਲੋਕਾਂ ਦੀ ਅੱਖ ਖੁੱਲ੍ਹੀ ਹੈ।
ਤਿੰਨ ਵਿਅਕਤੀਆਂ ਕੋਲੋਂ 800 ਲਿਟਰ ਲਾਹਣ ਬਰਾਮਦ
ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ 800 ਲਿਟਰ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਬਾਜਾਖਾਨਾ ਪੁਲੀਸ ਨੇ ਮਨਦੀਪ ਸਿੰਘ ਨਾਮ ਦੇ ਵਿਅਕਤੀ ਦੇ ਘਰ ਛਾਪਾ ਮਾਰ ਕੇ 630 ਲਿਟਰ ਲਾਹਣ ਬਰਾਮਦ ਕੀਤੀ। ਇਸੇ ਤਰ੍ਹਾਂ ਦਬੜ੍ਹੀਖਾਨਾ ਦੇ ਵਸਨੀਕ ਗੁਰਮੁੱਖ ਸਿੰਘ ਕੋਲੋਂ 100 ਲਿਟਰ ਲਾਹਣ ਬਰਾਮਦ ਹੋਈ ਹੈ ਜਦੋਂਕਿ ਢਿੱਲਵਾਂ ਦੇ ਵਸਨੀਕ ਜਗਸੀਰ ਸਿੰਘ ਕੋਲੋਂ 25 ਲਿਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸਿਟੀ ਪੁਲੀਸ ਫਰੀਦਕੋਟ ਨੇ ਮੋਹਿਤ ਨਾਮ ਦੇ ਨੌਜਵਾਨ ਤੋਂ 10 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ, ਜਦੋਂ ਕਿ ਸੁਖਮੰਦਰ ਸਿੰਘ ਕੋਲੋਂ 9 ਬੋਤਲਾਂ ਸ਼ਰਾਬ ਫੜੀ ਹੈ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੁਲੀਸ ਨੇ ਨਾਜਾਇਜ਼ ਸ਼ਰਾਬ ਦੇ ਪਰਚਿਆਂ ਦੀ ਝੜੀ ਲਗਾ ਦਿੱਤੀ ਹੈ ਅਤੇ ਇੱਕ ਹਫ਼ਤੇ ਦੌਰਾਨ ਜ਼ਿਲ੍ਹੇ ਭਰ ਵਿੱਚ 29 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।