ਜੋਗਿੰਦਰ ਸਿੰਘ ਮਾਨ
ਮਾਨਸਾ, 26 ਮਈ
ਪਿੰਡ ਉੱਡਤ ਭਗਤ ਰਾਮ ਵਿਖੇ ਇੱਕ ਦਲਿਤ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ’ਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਨੂੰ ਮਿਲਣ ਦੇ ਨਾਲ-ਨਾਲ ਭਲਕੇ 27 ਮਈ ਨੂੰ ਪਿੰਡ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਹੈ।ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਪੀੜਤ ਨੌਜਵਾਨ ਬਿੱਟਾ ਸਿੰਘ ਦਾ ਹਾਲਚਾਲ ਪੁੱਛਿਆ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪੀੜਤ ਦੀ ਮਾਂ ਦਾ ਕਹਿਣਾ ਹੈ ਕਿ ਉਸਦੇ ਪੁੱਤਰ ਨੂੰ ਕੁੱਟਣ ਤੋਂ ਬਾਅਦ ਪੁਲੀਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਗਈ। ਪੀੜਤ ਨੌਜਵਾਨ ਬਿੱਟਾਂ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦਾ ਕੁਝ ਨੌਜਵਾਨਾਂ ਨਾਲ ਮਾਮੂਲੀ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਸਮਝੌਤਾ ਕਰਵਾਉਣ ਦੇ ਬਾਵਜੂਦ ਉਸ ਦੀ ਕੁੱਟਮਾਰ ਕੀਤੀ ਗਈ ਹੈ। ਮਜ਼ਦੂਰ ਮੁਕਤੀ ਮੋਰਚਾ ਦਾ ਕਹਿਣਾ ਹੈ ਕਿ ਪੀੜਤ ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ ਗਿਆ ਹੈੈ ।ਉਨ੍ਹਾਂ ਐਸਐਸਪੀ ਤੋਂ ਮੰਗ ਕੀਤੀ ਕਿ ਕੁੱਟਮਾਰ ਕਰਨ ਵਾਲਿਆਂ ’ਤੇ ਮਾਮਲਾ ਦਰਜ ਕੀਤਾ ਜਾਵੇ। ਉਧਰ ਜਦੋਂ ਇਸ ਮਾਮਲੇ ਸਬੰਧੀ ਥਾਣਾ ਸਦਰ ਮਾਨਸਾ ਦੇ ਮੁਖੀ ਬੇਅੰਤ ਕੌਰ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।