ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 20 ਜੂਨ
ਫਾਜ਼ਿਲਕਾ ਰੋਡ ਸਥਿਤ ਇਕ ਢਾਬੇ ’ਤੇ ਬੀਤੀ ਰਾਤ ਸਦਰ ਥਾਣਾ ਜਲਾਲਾਬਾਦ ’ਚ ਤਾਇਨਾਤ ਏ.ਐੱਸ.ਆਈ. ਵੱਲੋਂ ਢਾਬਾ ਮਾਲਕ ਤੇ ਵਰਕਰ ਨੂੰ ਥੱਪੜ ਮਾਰੇ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।
ਢਾਬਾ ਸੰਚਾਲਕ ਲੱਕੀ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਢਾਬਾ ਬੰਦ ਹੋ ਚੁੱਕਿਆ ਸੀ ਅਤੇ ਉਹ ਆਪਣੇ ਲਈ ਰੋਟੀ ਬਣਾ ਰਹੇ ਸਨ। ਇਸੇ ਦੌਰਾਨ ਕਰੀਬ 11.30 ਵਜੇ ਕੁਝ ਪੁਲੀਸ ਵਾਲੇ ਆਏ ਅਤੇ ਆਉਂਦਿਆਂ ਉਨ੍ਹਾਂ ਨੇ ਰੋਟੀ ਖਾਣ ਦੀ ਮੰਗ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਪੁਲੀਸ ਵਾਲਿਆਂ ਨੂੰ ਅੰਦਰ ਬਿਠਾ ਕੇ ਰੋਟੀ ਖੁਆਉਣੀ ਸ਼ੁਰੂ ਕਰ ਦਿੱਤੀ ਪਰ ਇਸੇ ਦੌਰਾਨ ਏਐਸਆਈ ਨੂੰ ਪਤਾ ਨਹੀਂ ਕੀ ਹੋਇਆ, ਉਸ ਨੇ ਉਨ੍ਹਾਂ ਦੇ ਵਰਕਰ ਜੋ ਰੋਟੀ ਦੇਣ ਲਈ ਜਾ ਰਿਹਾ ਸੀ, ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਜਦ ਉਸ ਨੇ ਸਬੰਧਤ ਏਐੱਸਆਈ ਕੋਲੋਂ ਥੱਪੜ ਮਾਰਨ ਦਾ ਕਾਰਨ ਪੁੱਛਿਆ ਤਾਂ ਏਐੱਸਆਈ ਨੇ ਊਸ ਨੂੰ ਵੀ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਉਸ ਏਐੱਸਆਈ ਨੇ ਸ਼ਰਾਬ ਪੀਤੀ ਹੋਈ ਅਤੇ ਇਹ ਸਾਰੀ ਘਟਨਾ ਬਾਹਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ।
ਇਸ ਸਬੰਧੀ ਥਾਣਾ ਸਦਰ ਦੇ ਮੁਖੀ ਦੇ ਜਸਵੰਤ ਸਿੰਘ ਨੇ ਦੱਸਿਆ ਕਿ ਉਕਤ ਏਐੱਸਆਈ ਦਾ ਨਾਂਅ ਸੱਤਪਾਲ ਹੈ ਅਤੇ ਇਹ ਪੁਲੀਸ ਲਾਈਨ ਫਾਜ਼ਿਲਕਾ ਤੋਂ ਬਦਲ ਕੇ ਥਾਣਾ ਸਦਰ ਲੱਗਿਆ ਹੈ। ਇਸ ਸਬੰਧੀ ਜ਼ਿਲ੍ਹਾ ਸੀਨੀਅਰ ਪੁਲੀਸ ਮੁਖੀ ਹਰਜੀਤ ਸਿੰਘ ਨੇ ਮਾਮਲਾ ਧਿਆਨ ’ਚ ਆਉਣ ਤੋਂ ਬਾਅਦ ਉਕਤ ਏਐੱਸਆਈ ਨੂੰ ਲਾਈਨ ਹਾਜ਼ਰ ਕਰ ਦਿੱਤਾ ਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।