ਭਰੂਣ ਲਿੰਗ ਜਾਂਚ ਕਰਵਾਉਣ ਦੇ ਦੋਸ਼ ’ਚ ਆਸ਼ਾ ਵਰਕਰ ਗ੍ਰਿਫ਼ਤਾਰ : The Tribune India

ਭਰੂਣ ਲਿੰਗ ਜਾਂਚ ਕਰਵਾਉਣ ਦੇ ਦੋਸ਼ ’ਚ ਆਸ਼ਾ ਵਰਕਰ ਗ੍ਰਿਫ਼ਤਾਰ

ਸਿਹਤ ਵਿਭਾਗ ਵੱਲੋਂ ਅਲਟਰਾਸਾਊਂਡ ਸੈਂਟਰਾਂ ਦੇ ਰਿਕਾਰਡ ਦੀ ਜਾਂਚ

ਭਰੂਣ ਲਿੰਗ ਜਾਂਚ ਕਰਵਾਉਣ ਦੇ ਦੋਸ਼ ’ਚ ਆਸ਼ਾ ਵਰਕਰ ਗ੍ਰਿਫ਼ਤਾਰ

ਮਾਨਸਾ ’ਚ ਸਿਹਤ ਵਿਭਾਗ ਦੇ ਅਧਿਕਾਰੀ ਅਲਟਰਾਸਾਊਂਡ ਸੈਂਟਰਾਂ ਦਾ ਰਿਕਾਰਡ ਚੈੱਕ ਕਰਦੇ ਹੋਏ।- ਫੋਟੋ: ਮਾਨ

ਮਾਨਸਾ (ਪੱਤਰ ਪ੍ਰੇਰਕ) ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ’ਚ ਚੱਲ ਰਹੇ ਅਲਟਰਾਸਾਉੰਡ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਤੇ ਰਿਕਾਰਡ ਦੀ ਜਾਂਚ ਕੀਤੀ ਗਈ। ਮਾਨਸਾ ਦੇ ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਲਿੰਗ ਅਨੁਪਾਤ ਦੇ ਅੰਤਰ ਨੂੰ ਵੇਖਦੇ ਹੋਏ, ਇਹ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਲਟਰਾਸਾਉੰਡ ਸੈਂਟਰ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੀ ਕਾਨੂੰਨਨ ਉਲੰਘਣਾ ਨਾ ਕੀਤੀ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸਿਵਲ ਸਰਜਨ ਨੇ ਜਿੰਦਲ ਅਲਟਰਾਸਾਊਂਡ ਸੈਂਟਰ, ਨਿਊ ਸਤਿਅਮ ਅਲਟਰਾਸਾਊਂਡ ਸੈਂਟਰ ਮਾਨਸਾ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਅਲਟਰਾਸਾਊਂਡ ਸੈਂਟਰਾਂ ਨੂੰ ਪੀ.ਸੀ.ਪੀ.ਐਨ. ਡੀ.ਟੀ.ਐਕਟ ਦੀਆਂ ਹਦਾਇਤਾਂ ਅਨੁਸਾਰ ਆਪਣਾ ਰਿਕਾਰਡ ਤੇ ਸਬੰਧਤ ਰਿਕਾਰਡ ਨੂੰ ਕੰਪਲੀਟ ਕਰ ਕੇ ਰੱਖਣ ਦੀ ਹਦਾਇਤ ਕੀਤੀ ਤਾਂ ਜੋ ਸਟੇਟ ਤੋਂ ਆਈ ਟੀਮ ਅਤੇ ਜ਼ਿਲ੍ਹੇ ਤੋਂ ਆਏ ਅਧਿਕਾਰੀ ਨੂੰ ਚੈਕਿੰਗ ਦੌਰਾਨ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪੀ.ਸੀ.ਪੀ.ਐਨ.ਡੀ. ਟੀ. ਐਕਟ 1995 ਦੀਆ ਹਦਾਇਤਾਂ ਅਨੁਸਾਰ ਨਿਰਧਾਰਤ ਕੀਤੀ ਗਈ ਫਲੈਕਸ ਬੋਰਡ ਅਪਣੇ ਅਲਟਰਾਸਾਉੰਡ ਸੈਂਟਰਾਂ ਵਿੱਚ ਲਗਾਊਣੇ ਹਰ ਸਮੇਂ ਯਕੀਨੀ ਬਣਾਏ ਜਾਣ ਅਤੇ ਜੇਕਰ ਕੋਈ ਵਿਅਕਤੀ ਜਾਂ ਔਰਤ ਲਿੰਗ ਅਨੁਪਾਤ ਕਰਾਉਣ ਲਈ ਆਉਂਦਾ ਹੈ, ਇਸ ਦੀ ਸੂਚਨਾ ਜ਼ਿਲ੍ਹਾ ਐਪਰੋਪਰੀਏਟ ਅਥਾਰਟੀ ਮਾਨਸਾ ਨੂੰ ਦਿੱਤੀ ਜਾਵੇ।

ਨਿੱਜੀ ਪੱਤਰ ਪ੍ਰੇਰਕ

ਸਿਰਸਾ, 24 ਨਵੰਬਰ

ਇਥੋਂ ਦੇ ਡਾਕਟਰਾਂ ਦੀ ਟੀਮ ਨੇ ਇਕ ਆਸ਼ਾ ਵਰਕਰ ਨੂੰ ਇਕ ਗਰਭਵਤੀ ਮਹਿਲਾ ਦਾ ਲਿੰਗ ਜਾਂਚ ਕਰਵਾਉਂਦਿਆਂ ਕਾਬੂ ਕੀਤਾ ਹੈ। ਆਸ਼ਾ ਵਰਕਰ ਪੰਜਾਬ ਦੇ ਸਰਦੂਲਗੜ੍ਹ ਦੇ ਪਿੰਡ ਆਹਲੂਪੁਰ ਦੀ ਦੱਸੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਅਰਬਨ ਡਿਸਪੈਂਸਰੀ ਦੇ ਇੰਚਾਰਜ ਡਾ. ਵਿਕਾਸ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਮੋਟੀ ਰਕਮ ਲੈ ਕੇ ਗਰਭਵਤੀ ਮਹਿਲਾਵਾਂ ਦਾ ਲਿੰਗ ਜਾਂਚ ਕਰਵਾਉਣ ਦਾ ਕੰਮ ਕਰਦੀ ਹੈ।

ਇਸ ਸੂਚਨਾ ਮਗਰੋਂ ਡਾਕਟਰਾਂ ਦੀ ਇਕ ਟੀਮ ਦਾ ਗਠਨ ਕੀਤਾ ਗਿਆ ਅਤੇ ਇਕ ਫਰਜੀ ਗਰਭਵਤੀ ਮਹਿਲਾ ਨੂੰ ਚਾਲੀ ਹਜ਼ਾਰ ਰੁਪਏ, ਜਿਨ੍ਹਾਂ ਦੇ ਨੰਬਰ ਨੋਟ ਕੀਤੇ ਹੋਏ ਸਨ, ਮਹਿਲਾ ਨੂੰ ਦੇ ਕੇ ਲਿੰਗ ਜਾਂਚ ਕਰਵਾਉਣ ਲਈ ਭੇਜਿਆ ਗਿਆ। ਡਾਕਟਰ ਮੁਤਾਬਕ ਮਹਿਲਾ ਨੇ ਗਰਭਵਤੀ ਮਹਿਲਾ ਤੋਂ ਪੈਸੇ ਲੈ ਕੇ ਉਸ ਦਾ ਲਿੰਗ ਜਾਂਚ ਕਰਵਾਇਆ ਅਤੇ ਉਸ ਨੂੰ ਮੁੰਡਾ ਹੋਣ ਦੀ ਗੱਲ ਕਹੀ।

ਇਸ ਮਗਰੋਂ ਬਣੀ ਟੀਮ ਨੇ ਉਸ ਮਹਿਲਾ ਨੂੰ ਕਾਬੂ ਕਰ ਲਿਆ ਤੇ ਉਸ ਤੋਂ ਨੰਬਰਾਂ ਵਾਲੇ ਦਿੱਤੇ ਪੈਸੇ ਬਰਾਮਦ ਕਰ ਲਏ। ਉਨ੍ਹਾਂ ਨੇ ਦੱਸਿਆ ਹੈ ਕਿ ਮਹਿਲਾ ਆਪਣੇ ਆਪ ਨੂੰ ਆਸ਼ਾ ਵਰਕਰ ਦੱਸ ਰਹੀ ਹੈ ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਡਾਕਟਰ ਵਿਕਾਸ ਸਿੰਘ ਨੇ ਦੱਸਿਆ ਹੈ ਕਿ ਸਿਰਸਾ ਸਥਿਤ ਅਲਟਰਾਸਾਉਂਡ ਸੰਚਾਲਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਮਗਰੋਂ ਪੁਲੀਸ ਕੋਲ ਕੇਸ ਦਰਜ ਕਰਵਾਇਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All