ਜੋਗਿੰਦਰ ਸਿੰਘ ਮਾਨ
ਮਾਨਸਾ, 21 ਦਸੰਬਰ
ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਵੱਖ-ਵੱਖ ਸੰਘਰਸ਼ੀ ਧਿਰਾਂ ਵੱਲੋ ਮਾਨਸਾ ਦੇ ਰੇਲਵੇ ਸਟੇਸ਼ਨ ਸਾਹਮਣੇ ਮੋਦੀ ਸਰਕਾਰ ਖ਼ਿਲਾਫ਼ ਧਰਨਾ ਦੇਣ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੇ ਦਫ਼ਤਰ ਅੱਗੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨਕਾਰੀਆਂ ਨੂੰ ਸੰਬਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼, ਜਦੋਂ ਸਾਰਾ ਦੇਸ਼ ਇੱਕਜੁਟ ਹੋ ਕੇ ਖੜ੍ਹਾ ਹੋ ਗਿਆ ਹੈ, ਉਦੋਂ ਦਿੱਲੀ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਮੋਦੀ ਸਰਕਾਰ ਵੱਲੋਂ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਆੜ੍ਹਤੀਆਂ, ਸਨੱਅਤਕਾਰਾਂ ਤੇ ਦੁਕਾਨਦਾਰ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ ਕਰਕੇ ਆਵਾਮ ਖ਼ਿਲਾਫ ਘਟੀਆ ਕਾਰਗੁਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸਨੂੰ ਕਿਸਾਨ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਦਿਆਂ ਸਨਅਤਕਾਰਾਂ, ਦੁਕਾਨਦਾਰਾਂ ਤੇ ਆੜ੍ਹਤੀਆਂ ਉੱਪਰ ਪਈ ਹਰ ਭੀੜ ਵਿੱਚ ਸਾਥ ਦੇਣਗੇ। ਇਸ ਮੌਕੇ ਮੁਸਲਿਮ ਫਰੰਟ ਪੰਜਾਬ ਦੇ ਆਗੂ ਹੰਸ ਰਾਜ ਮੋਫ਼ਰ, ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਆਗੂ ਨਰਿੰਦਰ ਕੌਰ ਬੁਰਜ ਹਮੀਰਾ, ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਦੂਲੋਵਾਲ, ਖੇਤ ਮਜ਼ਦੂਰ ਸਭਾ ਦੇ ਆਗੂ ਦਰਸ਼ਨ ਸਿੰਘ ਪੰਧੇਰ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ, ਬਹੁਜਨ ਕ੍ਰਾਂਤੀ ਮੋਰਚਾ ਦੇ ਆਗੂ ਜਸਵੰਤ ਸਿੰਘ, ਕ੍ਰਾਂਤੀ ਕਾਰੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ, ਤਰਕਸ਼ੀਲ ਸੁਸਾਇਟੀ ਦੇ ਆਗੂ ਡਾ. ਸੁਰਿੰਦਰ ਸਿੰਘ, ਇਨਕਲਾਬੀ ਨੌਜਵਾਨ ਸਭਾ ਦੇ ਆਗੂ ਵਿੰਦਰ ਅਲਖ, ਮੁਸਲਿਮ ਫਰੰਟ ਦੇ ਆਗੂ ਰਵੀ ਖਾਨ, ਸਫੀ ਖ਼ਾਨ, ਸਾਦਿਕ ਖ਼ਾਨ, ਪਾਲੀ ਖ਼ਾਨ, ਸੀਨਾ ਖ਼ਾਨ ਆਦਿ ਸ਼ਾਮਲ ਸਨ।
ਭੁੱਚੋ ਮੰਡੀ (ਪੱਤਰ ਪ੍ਰੇਰਕ) ਇਨਕਮ ਟੈਕਸ ਵਿਭਾਗ ਵੱਲੋਂ ਆੜ੍ਹਤੀਆਂ ਦੇ ਕਾਰੋਬਾਰਾਂ ’ਤੇ ਕੀਤੀ ਛਾਪੇਮਾਰੀ ਦੇ ਵਿਰੋਧ ਵਿੱਚ ਆੜ੍ਹਤੀਆਂ ਨੇ ਆਪਣੇ ਕਾਰੋਬਾਰ ਬੰਦ ਕਰਨ ਦਾ ਐਲਾਨ ਕੀਤਾ। ਕੱਚਾ ਆੜ੍ਹਤੀ ਐਸੋਸੀਏਸ਼ਨ ਭੁੱਚੋ ਮੰਡੀ ਦੇ ਪ੍ਰਧਾਨ ਸੁਨੀਲ ਗਰਗ ਨੇ ਦੱਸਿਆ ਕਿ ਰੋਸ ਵਜੋਂ 22 ਦਸੰਬਰ ਤੋਂ 25 ਦਸੰਬਰ ਤੱਕ ਚਾਰ ਦਿਨ ਕਾਰੋਬਾਰ ਬੰਦ ਰੱਖੇ ਜਾਣਗੇ। ਇਸ ਦੌਰਾਨ ਫਸਲ ਦੀ ਖਰੀਦ, ਵੇਚ ਤੇ ਲੈਣਦੇਣ ਦਾ ਕੰਮ ਪੂਰਨ ਤੌਰ ’ਤੇ ਬੰਦ ਰਹੇਗਾ।
ਛਾਪਿਆਂ ਵਰੁੱਧ ਆੜ੍ਹਤੀਆਂ ਵੱਲੋਂ ਦੁਕਾਨ ਬੰਦ ਰੱਖਣ ਦਾ ਐਲਾਨ
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ) ਆਮਦਨ ਕਰ ਵਿਭਾਗ ਵੱਲੋਂ ਪੰਜਾਬ ਅੰਦਰ ਆੜ੍ਹਤੀਆਂ ’ਤੇ ਕੀਤੀ ਗਈ ਛਾਪੇਮਾਰੀ ਦੇ ਵਿਰੋਧ ਵਿੱਚ ਪੰਜਾਬ ਦੇ ਆੜ੍ਹਤੀਆਂ ਵੱਲੋਂ ਚਾਰ ਦਿਨ ਲਈ ਦੁਕਾਨਾਂ ਬੰਦ ਰੱਖਣ ਦੇ ਕੀਤੇ ਫੈਸਲੇ ਤਹਿਤ ਕੋਟਕਪੂਰਾ ਦੇ ਆੜ੍ਹਤੀਆਂ ਵੱਲੋਂ 22 ਤੋਂ 25 ਦਸੰਬਰ ਤੱਕ ਅਨਾਜ ਮੰਡੀ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ। ਇਸ ਸਬੰਧ ਵਿੱਚ ਅੱਜ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦੀ ਜਨਰਲ ਬਾਡੀ ਦੀ ਮੀਟਿੰਗ ਸਥਾਨਕ ਆੜ੍ਹਤੀਆ ਦਫਤਰ ਵਿੱਚਹੋਈ, ਜਿਸ ’ਚ ਕੋਟਕਪੂਰਾ ਦੀ ਨਵੀਂ ਅਤੇ ਪੁਰਾਣੀ ਦਾਣਾ ਮੰਡੀ ਚਾਰ ਦਿਨ ਮੁਕੰਮਲ ਤੌਰ ‘ਤੇ ਬੰਦ ਕਰਨ ਦਾ ਫੈਸਲਾ ਲਿਆ ਗਿਆ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦਾ ਸਮੁੱਚਾ ਆੜ੍ਹਤੀਆ ਵਰਗ ਕਿਸਾਨਾਂ ਦੇ ਨਾਲ ਖੜ੍ਹਾ ਹੈ ਤੇ ਉਹ ਸਰਕਾਰ ਦੀ ਇਸ ਕਾਰਵਾਈ ਤੋਂ ਡਰਨ ਵਾਲਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਆੜ੍ਹਤੀ ਐਸੋਸੀਏਸ਼ਨ ਵੱਲੋਂ ਨਵੀਂ ਤੇ ਪੁਰਾਣੀ ਦਾਣਾ ਮੰਡੀ ਦੀਆਂ ਸਾਰੀਆਂ ਦੁਕਾਨਾਂ ’ਤੇ ਆਪਣੇ ਤਾਲੇ ਲਾ ਕੇ ਦੁਕਾਨਾਂ ਬੰਦ ਕੀਤੀਆਂ ਜਾਣਗੀਆਂ।
ਛਾਪੇ ਦੀ ਅਫਵਾਹ ਮਗਰੋਂ ਆੜ੍ਹਤੀਆਂ ਨੇ ਦੁਕਾਨਾਂ ਬੰਦ ਕੀਤੀਆਂ
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ) ਬੀਤੇ ਦਿਨੀ ਆੜ੍ਹਤੀਆ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਹੋਰ ਆੜ੍ਹਤੀਆਂ ਦੇ ਘਰ ਤੇ ਹੋਟਲਾਂ ’ਚ ਇਨਕਮ ਟੈਕਸ ਵਿਭਾਗ ਦੀ ਰੇਡ ਤੋਂ ਬਾਅਦ ਅੱਜ 21 ਦਸੰਬਰ ਨੂੰ ਜਲਾਲਾਬਾਦ ਦੀ ਅਨਾਜ ਮੰਡੀ ’ਚ ਇਨਕਮ ਟੈਕਸ ਦੇ ਛਾਪੇ ਦੀ ਅਫਵਾਹ ਤੋਂ ਬਾਅਦ ਸ਼ਹਿਰ ਦੀ ਅਨਾਜ ਮੰਡੀ ਸਥਿੱਤ ਆੜ੍ਹਤੀਆਂ ਵੱਲੋਂ ਦੁਕਾਨਾਂ ਨੂੰ ਤਾਲੇ ਲਗਾ ਦਿੱਤੇ ਗਏ ਤੇ ਆੜ੍ਹਤ ਦੁਕਾਨਾਂ ਤਾਲੇ ਲਗਾ ਕੇ ਘਰਾਂ ਨੂੰ ਚਲੇ ਗਏ। ਬਾਅਦ ਦੁਪਿਹਰ ਜਦ ਇਨਕਮ ਟੈਕਸ ਦੀ ਰੇਡ ਸਬੰਧੀ ਸੂਚਨਾ ਅਫਵਾਹ ਸਾਬਿਤ ਹੋਈ ਤਾਂ ਆੜ੍ਹਤੀ ਬਾਅਦ ’ਚ ਦੁਕਾਨਾਂ ’ਤੇ ਪਹੁੰਚੇ। ਦੱਸਣਯੋਗ ਹੈ ਕਿ 19-20 ਦਸੰਬਰ ਦੀ ਰਾਤ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਫਿਰੋਜ਼ਪੁਰ, ਪਟਿਆਲਾ, ਸਮਾਣਾ, ਨਵਾਂ ਸ਼ਹਿਰ ਆਦਿ ’ਤੇ ਆੜ੍ਹਤੀਆਂ ਦੇ ਕਾਰੋਬਾਰੀ ’ਤੇ ਘਰਾਂ ’ਚ ਛਾਪੇ ਮਾਰੇ ਗਏ ਈ ਸੀ ਤੇ ਇਸ ਸਬੰਧੀ ਵਿਭਾਗ ਵੱਲੋਂ 4 ਦਿਨ ਪਹਿਲਾਂ ਨੋਟਿਸ ਵੀ ਦਿੱਤੇ ਗਏ ਸਨ। ਉਧਰ ਇਨਕਮ ਟੈਕਸ ਦੀ ਇਸ ਕਾਰਵਾਈ ਨੂ ਕਿਸਾਨ ਅੰਦੋਲਨ ਨਾਲ ਜੋੜ ਦੇ ਦੇਖਿਆਗਿਆ ਤੇ ਅਗਲੇ ਹੀ ਦਿਨ ਆੜ੍ਹਤੀਆਂ ਵੱਲੋਂ ਮੀਟਿੰਗ ਬੁਲਾਈ ਗਈ ਤੇ ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਤੇ ਸਵਾਲ ਚੁੱਕਦੇ ਹੋਏ 22 ਤੋਂ ਲੈ ਕੇ 25 ਦਸੰਬਰ ਤੱਕ ਮੰਡੀਆਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਤੇ ਨਾਲ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਘਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਵੀ ਰੂਪ ਰੇਖਾ ਤਿਆਰ ਕੀਤੀ ਗਈ।