ਜਸਵੰਤ ਜੱਸ
ਫ਼ਰੀਦਕੋਟ, 8 ਅਗਸਤ
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਦੇ ਇੱਕ ਨੌਜਵਾਨ ਨੂੰ ਕੈਨੇਡੀਅਨ ਲੜਕੀ ਨਾਲ ਵਿਆਹੁਣ ਦਾ ਝਾਂਸਾ ਦੇ ਕੇ 35 ਲੱਖ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਦੇ ਸਥਾਨਕ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਹਾਲਾਂਕਿ ਪੁਲੀਸ ਨੇ ਫ਼ਰੀਦਕੋਟ ਤੇ ਅੰਮ੍ਰਿਤਸਰ ਦੇ ਵਸਨੀਕ ਟ੍ਰੈਵਲ ਏਜੰਟ ਗਗਨਦੀਪ ਸਿੰਘ ਖ਼ਿਲਾਫ਼ ਠੱਗੀ ਮਾਰਨ ਦਾ ਪਰਚਾ ਦਰਜ ਕਰਨ ਤੋਂ ਬਾਅਦ ਟੇਢੇ ਢੰਗ ਨਾਲ ਟਰੈਵਲ ਏਜੰਟ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਹੁਣ ਅਦਾਲਤੀ ਕਾਰਵਾਈ ਤੋਂ ਬਾਅਦ ਪਹਿਲੀ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।
ਸੂਚਨਾ ਅਨੁਸਾਰ ਰਾਜਾ ਟਰੈਵਲਜ਼ ਦੇ ਮਾਲਕ ਗਗਨਦੀਪ ਸਿੰਘ ਵਾਸੀ ਅੰਮ੍ਰਿਤਸਰ ਨੇ ਨਰਿੰਦਰ ਕੌਰ ਪੁਰੇਵਾਲ ਨਾਮ ਦੀ ਔਰਤ ਨਾਲ ਮਿਲਕੇ ਪਿੰਡ ਗੋਲੇਵਾਲਾ ਦੇ ਵਸਨੀਕ ਨੌਜਵਾਨ ਪਰਵਿੰਦਰ ਸਿੰਘ ਨਾਲ ਕਥਿਤ ਤੌਰ ‘ਤੇ 35 ਲੱਖ ਦੀ ਠੱਗੀ ਮਾਰੀ ਸੀ। ਪਰਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਗਗਨਦੀਪ ਸਿੰਘ, ਨਰਿੰਦਰ ਪੁਰੇਵਾਲ ਅਤੇ ਦੋ ਹੋਰ ਵਿਅਕਤੀਆਂ ਨੇ 35 ਲੱਖ ਰੁਪਏ ਲੈ ਕੇ ਵਾਅਦਾ ਕੀਤਾ ਸੀ ਕਿ ਉਸ ਦਾ ਕੈਨੇਡੀਅਨ ਲੜਕੀ ਨਾਲ ਵਿਆਹ ਕਰਵਾ ਦੇਣਗੇ ਪ੍ਰੰਤੂ ਇਨ੍ਹਾਂ ਵਿਅਕਤੀਆਂ ਨੇ ਜਿਸ ਲੜਕੀ ਨਾਲ ਵਿਆਹ ਕਰਾਇਆ ਉਹ ਕਦੇ ਵੀ ਕੈਨੇਡਾ ਜਾਂ ਕਿਸੇ ਹੋਰ ਦੇਸ਼ ਨਹੀਂ ਗਈ ਅਤੇ ਉਸ ਨੇ ਵਿਆਹ ਤੋਂ ਪਹਿਲਾਂ ਜਿਹੜੇ ਸਿਟੀਜ਼ਨ ਕਾਰਡ ਅਤੇ ਪਾਸਪੋਰਟ ਵਿਖਾਇਆ ਸੀ ਉਹ ਸਾਰੇ ਫਰਜ਼ੀ ਸਨ। ਫ਼ਰੀਦਕੋਟ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਪ੍ਰਸ਼ਾਂਤ ਵਰਮਾ ਨੇ ਟਰੈਵਲਰ ਏਜੰਟ ਗਗਨਦੀਪ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਕਿਹਾ ਕਿ ਪੀੜਤ ਨੌਜਵਾਨ ਨੇ ਟ੍ਰੈਵਲਰ ਏਜੰਟ ਗਗਨਦੀਪ ਸਿੰਘ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਏ ਹਨ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਠੱਗੀ ਵਿੱਚ ਗਗਨਦੀਪ ਸਿੰਘ ਵੀ ਸ਼ਾਮਲ ਸੀ ਅਤੇ ਪੁਲੀਸ ਵੱਲੋਂ ਉਸ ਨੂੰ ਗਲਤ ਤਰੀਕੇ ਨਾਲ ਕਲੀਨ ਚਿੱਟ ਦਿੱਤੀ ਗਈ ਹੈ। ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਟਰੈਵਲ ਏਜੰਟ ਗਗਨਦੀਪ ਸਿੰਘ ਨੇ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਗ੍ਰਿਫ਼ਤਾਰੀ ਉਪਰ ਰੋਕ ਲਾਉਣ ਲਈ ਅਰਜ਼ੀ ਦਾਖ਼ਲ ਕੀਤੀ ਹੈ ਅਤੇ ਸੁਣਵਾਈ ਦੀ ਉਡੀਕ ਹੈ।