ਪੱਤਰ ਪ੍ਰੇਰਕ
ਲੰਬੀ, 24 ਮਾਰਚ
ਦੋ ਸਿਆਸੀ ਆਗੂਆਂ ਦੇ ਸੋਗ ਸਮਾਗਮਾਂ ਕਰਕੇ ਪੁਲੀਸ ਨੂੰ ਵਿਹਲ ਨਾ ਹੋਣ ਕਰਕੇ ਅੱਜ ਘੁਮਿਆਰਾ ’ਚ ਕਿਸਾਨ ਜਗਨੰਦਨ ਸਿੰਘ ਦੀ ਜ਼ਮੀਨ ’ਤੇ ਆੜ੍ਹਤੀ ਦਾ ਦਖ਼ਲ ਨਹੀਂ ਹੋ ਸਕਿਆ। ਭਾਕਿਯੂ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਸਾਰਾ ਦਿਨ ਜਗਨੰਦਨ ਸਿੰਘ ਦੇ ਖੇਤ ਵਿੱਚ ਡਟੇ ਰਹੇ। ਭਾਕਿਯੂ (ਏਕਤਾ) ਉਗਰਾਹਾਂ ਦੇ ਗੁਰਪਾਸ਼ ਸਿੰਘੇਵਾਲਾ, ਹਰਪਾਲ ਸਿੰਘ, ਜਗਦੀਪ ਖੁੱਡੀਆਂ ਨੇ ਕਿਹਾ ਕਿ ਪੌਣੇ ਦੋ ਦਹਾਕੇ ਪਹਿਲਾਂ ਘੁਮਿਆਰਾ ਦੇ ਕਿਸਾਨ ਜਗਨੰਦਨ ਸਿੰਘ ਦੀ ਪੰਜ ਏਕੜ ਜ਼ਮੀਨ ਨੂੰ ਇੱਕ ਨੰਬਰਦਾਰ ਦੇ ਨਾਂ ਇਕਰਾਰਨਾਮਾ ਲਿਖਵਾ ਦਿੱਤਾ ਸੀ। ਕਿਸਾਨਾਂ ਨੇ ਕਿਹਾ ਕਿ ਆੜ੍ਹਤੀ ਨੂੰ ਜ਼ਮੀਨ ’ਚ ਦਖ਼ਲ ਨਹੀਂ ਲੈਣ ਦਿੱਤਾ ਜਾਵੇਗਾ। ਲੰਬੀ ਦੇ ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਨੇ ਕਿਹਾ ਕਿ ਕਾਨੂੰਗੋ ਅਤੇ ਪਟਵਾਰੀ ਮੌਕੇ ’ਤੇ ਪੁੱਜੇ ਸਨ ਪਰ ਪੁਲੀਸ ਮਦਾਦ ਨਾ ਮਿਲਣ ਕਰਕੇ ਦਖ਼ਲ ਨਹੀਂ ਹੋ ਸਕਿਆ।