ਪੱਤਰ ਪ੍ਰੇਰਕ
ਰਾਮਾਂ ਮੰਡੀ, 21 ਅਕਤੂਬਰ
ਇਥੋਂ ਨਜ਼ਦੀਕੀ ਪਿੰਡ ਰੁਘੂ ਬੰਗੀ ਉੱਪ ਖਰੀਦ ਕੇਂਦਰ ’ਤੇ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਅਤੇ ਆੜ੍ਹਤੀਏ ਦੋਵੇਂ ਪ੍ਰੇਸ਼ਾਨ ਹਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਆੜ੍ਹਤੀ ਜਗਦੀਸ਼ ਰਾਏ ਮਿੱਤਲ ਨੇ ਕਿਹਾ ਕਿ ਖਰਾਬ ਮੌਸਮ ਦੇ ਚੱਲਦਿਆਂ ਤੇਜ਼ੀ ਨਾਲ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਲਿਫਟਿੰਗ ਨਾ ਹੋਣ ਕਾਰਨ ਝੋਨਾ ਹੋਰ ਲਿਆਉਣ ਵਿੱਚ ਸਮੱਸਿਆ ਰਹੀ ਹੈ। ਲਿਫਟਿੰਗ ਦੀ ਸਮੱਸਿਆ ਸਬੰਧੀ ਜਦੋਂ ਝੋਨਾ ਖਰੀਦ ਰਹੀ ਪਨਗਰੇਨ ਏਜੰਸੀ ਰਾਮਾਂ ਦੇ ਇੰਸਪੈਕਟਰ ਰਾਹੁਲ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 60 ਕਿਲੋਮੀਟਰ ਤੋਂ ਘੱਟ ਦੂਰੀ ਤੋਂ ਟਰੱਕ ਚਾਲਕ ਝੋਨਾ ਚੁੱਕਣ ਨੂੰ ਤਿਆਰ ਨਹੀਂ ਹਨ ਜਿਸ ਕਾਰਨ ਹੀ ਲਿਫਟਿੰਗ ਵਿੱਚ ਦੇਰੀ ਹੋ ਰਹੀ ਹੈ। ਇਸ ਸਬੰਧ ਵਿੱਚ ਟਰੱਕ ਓਪਰੇਟਰਾਂ ਨੇ ਕਿਹਾ ਕਿ ਸਬੰਧਤ ਠੇਕੇਦਾਰ ਟਰੱਕ ਚਾਲਕਾਂ ਨੂੰ ਕਿਰਾਇਆ ਘੱਟ ਦਿੰਦਾ ਹੈ। ਡੀਜ਼ਲ ਮਹਿੰਗਾ ਹੋਣ ਕਾਰਨ ਉਨ੍ਹਾਂ ਦਾ ਤੇਲ ਖਰਚਾ ਵੀ ਪੂਰਾ ਨਹੀਂ ਹੁੰਦਾ। ਆੜ੍ਹਤੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਸਮ ਦੀ ਖਰਾਬੀ ਨੂੰ ਵੇਖਦੇ ਹੋਏ ਠੇਕੇਦਾਰ ਬਦਲ ਕੇ ਝੋਨਾ ਤੁਰੰਤ ਚੁਕਵਾਇਆ ਜਾਵੇ।
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ) ਆਮ ਆਦਮੀ ਦੇ ਆਗੂਆਂ ਨੇ ਅੱਜ ਅਨਾਜ ਮੰਡੀਆਂ ਦਾ ਦੌਰਾ ਕਰਨ ਤੋਂ ਬਾਅਦ ਦੋਸ਼ ਲਾਇਆ ਕਿ ਝੋਨੇ ਦੇ ਖਰੀਦ ਪ੍ਰਬੰਧਾਂ ਵਿੱਚ ਕਥਿਤ ਤੌਰ ’ਤੇ ਪੱਖਪਾਤ ਕੀਤਾ ਜਾ ਰਿਹਾ ਹੈ। ਫ਼ਰੀਦਕੋਟ ਦੇ ਹਲਕਾ ਇੰਚਾਰਜ ਗੁਰਦਿੱਤ ਸਿੰਘ ਸੇਖੋਂ, ਹੈਪੀ ਬਰਾੜ, ਜਗਮੀਤ ਸਿੰਘ ਅਤੇ ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਪਿੰਡ ਸੁੱਖਣਵਾਲਾ ਦੀ ਅਨਾਜ ਮੰਡੀ ਦੇ ਖਰੀਦ ਪ੍ਰਬੰਧ ਇੱਕ ਕਾਂਗਰਸੀ ਆੜ੍ਹਤੀਏ ਨੂੰ ਦਿੱਤੇ ਗਏ ਹਨ, ਜੋ ਖਰੀਦ ਪ੍ਰਬੰਧਾਂ ਵਿੱਚ ਵੱਡੇ ਪੱਧਰ ’ਤੇ ਬੇਨਿਯਮੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਜਿਹੜੇ ਕਿਸਾਨ 13 ਅਕਤੂਬਰ ਤੋਂ ਬੈਠੇ ਹਨ, ਉਨ੍ਹਾਂ ਦਾ ਝੋਨਾ ਅਜੇ ਤੱਕ ਨਹੀਂ ਖਰੀਦਿਆ ਗਿਆ। ਦੂਜੇ ਪਾਸੇ ਹਾਕਮ ਧਿਰ ਨਾਲ ਸੰਬੰਧਤ ਵਿਅਕਤੀਆਂ ਦਾ ਝੋਨਾ ਆਉਣ ਸਾਰ ਤੋਲਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰ ਉੱਪਰ ਝੋਨੇ ਦੀ ਖਰੀਦ ਨਿਰਪੱਖ ਤਰੀਕੇ ਨਾਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਅਧਿਕਾਰੀ ਪੱਖਪਾਤ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਖਰੀਦ ਕੇਂਦਰਾਂ ਵਿੱਚ ਮਾੜੇ ਪ੍ਰਬੰਧਾਂ ਕਾਰਨ ਕਿਸਾਨਾਂ ਦੀ ਪ੍ਰੇਸ਼ਾਨੀ ਵਧੀ
ਮਾਨਸਾ (ਜੋਗਿੰਦਰ ਸਿੰਘ ਮਾਨ) ਮਾਨਸਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ’ਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਹੂਲਤਾਂ ਲਈ ਕੀਤੇ ਪ੍ਰਬੰਧਾਂ ਦਾ ਦਿਵਾਲਾ ਨਿਕਲ ਗਿਆ ਹੈ। ਇੱਕਾ-ਦੁੱਕਾ ਖਰੀਦ ਕੇਂਦਰਾਂ ਨੂੰ ਛੱਡ ਕੇ ਕਿਤੇ ਵੀ ਕਿਸਾਨਾਂ ਲਈ ਪਖਾਨਿਆ ਦਾ ਪ੍ਰਬੰਧ ਨਹੀਂ। ਬਹੁਤੀਆਂ ਥਾਵਾਂ ’ਤੇ ਪੀਣ ਵਾਲੇ ਸ਼ੁੱਧ ਪਾਣੀ ਦਾ ਕੋਈ ਬੰਦੋਬਸ਼ਤ ਨਹੀਂ ਹੈ। ਅਧਿਕਾਰੀ ਮੰਡੀਆਂ ਦਾ ਦੌਰਾ ਜ਼ਰੂਰ ਕਰਨ ਜਾਂਦੇ ਹਨ, ਪਰ ਉਨ੍ਹਾਂ ਨੇ ਝੋਨੇ ਦੀ ਖਰੀਦ ਤੋਂ ਬਿਨਾਂ ਕਦੇ ਕਿਸੇ ਸੈਂਟਰ ’ਚ ਕਿਸਾਨਾਂ-ਮਜ਼ਦੂਰਾਂ ਤੇ ਆੜ੍ਹਤੀਆਂ ਦੀ ਕਿਸੇ ਤਕਲੀਫ਼ ਵੱਲ ਕੋਈ ਧਿਆਨ ਨਹੀਂ ਦਿੱਤਾ।ਮੰਡੀਆਂ ਦਾ ਦੌਰਾ ਕਰਨ ਪਿੱਛੋਂ ਪਤਾ ਲੱਗਿਆ ਹੈ ਕਿ ਲਿਫਟਿੰਗ ਸਹੀ ਨਾ ਹੋਣ ਕਰਕੇ ਕਿਸਾਨ ਝੋਨੇ ਨੂੰ ਕੱਚੀਆਂ ਥਾਵਾਂ ’ਤੇ ਹੀ ਲਾਹੁਣ ਲਈ ਮਜ਼ਬੂਰ ਹਨ। ਖਰੀਦ ਕੇਂਦਰਾਂ ’ਚ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ, ਜਦੋਂਕਿ ਫੋਕਲ ਪੁਆਇੰਟਾਂ ’ਚ ਵੀ ਪੱਕੀ ਜਗ੍ਹਾ ਨਾ ਮਿਲਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਪੇਂਡੂ ਖਰੀਦ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੇ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹਨ, ਸਗੋਂ ਕਿਸਾਨਾਂ ਨੂੰ ਖੁਦ ਨਲਕੇ ਤੋਂ ਖਾਰਾ ਪਾਣੀ ਪੀਣਾ ਪੈ ਰਿਹਾ ਹੈ। ਪੰਜਾਬ ਸਰਕਾਰ ਜਾਂ ਮੰਡੀ ਬੋਰਡ ਨੇ ਕਿਸਾਨਾਂ ਲਈ ਛਾਂ ਦੇ ਵਿਸ਼ੇਸ ਪ੍ਰਬੰਧ ਨਹੀਂ ਕੀਤੇ, ਸਗੋਂ ਕਿਸਾਨ ਆੜ੍ਹਤੀਆਂ ਵੱਲੋਂ ਆਪਣੇ ਸਾਜ਼ੋ ਸਾਮਾਨ ਵਾਸਤੇ ਲਾਏ ਤੰਬੂਆਂ ’ਚ ਹੀ ਬੈਠਕੇ ਗੁਜਾਰਾ ਕਰਨ ਲਈ ਮਜ਼ਬੂਰ ਹਨ। ਮੰਡੀਆਂ ’ਚ ਕਿਸਾਨਾਂ ਦੀਆਂ ਤਕਲੀਫ਼ਾਂ ਦੀ ਜਦੋਂ ਘੁਸਰ-ਮੁਸਰ ਹੋਣ ਲੱਗੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਦੀ ਅਗਵਾਈ ਹੇਠ ਇੱਕ ਟੀਮ ਨੇ ਮੰਡੀਆਂ ਦਾ ਦੌਰਾ ਕਰਨ ਤੋਂ ਪਿੱਛੋਂ ਦਾਅਵਾ ਕੀਤਾ ਕਿ ਮੰਡੀਆਂ ਬੋਰੀਆਂ ਨਾਲ ਭਰ ਗਈਆਂ ਹਨ ਤੇ ਕਿਸਾਨਾਂ ਨੂੰ ਮੰਡੀਆਂ ’ਚ ਹੋਰ ਝੋਨਾ ਸੁੱਟਣ ਲਈ ਥਾਂ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਝੋਨੇ ਦੀ ਖਰੀਦ ਨਹੀਂ ਸੀ ਹੋ ਸਕੀ ਤੇ ਮੰਡੀ ਵਿੱਚੋਂ ਲਿਫਟਿੰਗ ਨਾ ਹੋਣ ਕਾਰਨ ਹੋਰ ਝੋਨਾ ਸੁੱਟਣ ਜੋਗੀ ਥਾਂ ਵੀ ਨਹੀਂ ਸੀ। ਕਈ ਕਿਸਾਨਾਂ ਨੇ ਦੱਸਿਆ ਕਿ ਕਿ ਉਹ ਪਿਛਲੇ 5-6 ਦਿਨਾਂ ਤੋਂ ਰੁਲ ਰਹੇ ਹਨ ਪਰ ਝੋਨੇ ਦੀ ਖਰੀਦ ਨਹੀਂ ਹੋ ਰਹੀ। ਉਧਰ, ਮਾਨਸਾ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਕਿਹਾ ਕਿ ਝੋਨੇ ਦੀ ਖਰੀਦ ਸਬੰਧੀ, ਜੋ ਅਧਿਕਾਰੀ ਢਿੱਲ ਵਰਤੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਝੋਨੋ ਦੀ ਖਰੀਦ ਨਿਰਵਿਘਨ ਸਿਰੇ ਚਾੜ੍ਹਨ ਲਈ ਕਿਸਾਨਾਂ, ਆੜ੍ਹਤੀਆਂ ਤੇ ਖਰੀਦ ਏਜੰਸੀਆਂ ਦਾ ਆਪਸੀ ਸਹਿਯੋਗ ਤੇ ਤਾਲਮੇਲ ਜ਼ਰੂਰੀ ਹੈ।