ਕੁਲਦੀਪ ਭੁੱਲਰ
ਮੌੜ ਮੰਡੀ, 27 ਦਸੰਬਰ
ਇੱਥੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਦੀ ਮੀਟਿੰਗ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਦੇ ਹਲਕਾ ਮੌੜ ਦਾ ਇੰਚਾਰਜ ਬਣਾਇਆ ਗਿਆ ਹੈ, ਜਿਸ ਕਾਰਨ ਮੌਜੂਦਾ ਹਲਕਾ ਇੰਚਾਰਜ ਜਨਮੇਜਾ ਸਿੰਘ ਸੇਖੋਂ ਦੇ ਸਮਰਥਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਹਾਲਾਂਕਿ ਪਾਰਟੀ ਵਰਕਰਾਂ ਅਤੇ ਸਥਾਨਕ ਆਗੂਆਂ ਦੀ ਸੱਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਸੇਖੋਂ ਨੇ ਇਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਫ਼ੈਸਲਾ ਕਰਾਰ ਦਿੱਤਾ। ਪਿਛਲੇ ਲਗਪਗ ਨੌਂ ਸਾਲਾਂ ਤੋਂ ਸ੍ਰੀ ਸੇਖੋਂ ਨਾਲ ਨੇੜਿਓਂ ਜੁੜੇ ਰਹੇ ਸਥਾਨਕ ਆਗੂ ਤੇ ਵਰਕਰ ਇਸ ਫ਼ੈਸਲੇ ਤੋਂ ਕਾਫ਼ੀ ਨਿਰਾਸ਼ ਹਨ। ਉਹ ਇਸ ਦੌਰਾਨ ਭਾਵੁਕ ਵੀ ਹੋ ਗਏ। ਸ੍ਰੀ ਸੇਖੋਂ ਨੇ ਹਲਕਾ ਛੱਡਣ ਦਾ ਕਾਰਨ ਆਪਣੇ ਫਿਰੋਜ਼ਪੁਰ ਤੇ ਫਾਜ਼ਿਲਕਾ ਹਲਕਿਆਂ ਦੇ ਅਬਜ਼ਰਵਰ ਵਜੋਂ ਰੁਝੇਵਿਆਂ ਨੂੰ ਦੱਸਿਆ ਹੈ। ਹਾਲਾਂਕਿ ਸ੍ਰੀ ਸੇਖੋਂ ਦੇ ਅਹੁਦਾ ਛੱਡਣ ਦਾ ਕਾਰਨ ਹਲਕਾ ਮੌੜ ਉਮੀਦਵਾਰ ਹੁੰਦਿਆਂ ਦੂਸਰੇ ਅਕਾਲੀ ਧੜਿਆਂ ਵੱਲੋਂ ਕੀਤੀ ਵਿਰੋਧਤਾ ਨੂੰ ਸਮਝਿਆ ਜਾ ਰਿਹਾ ਹੈ। ਮੀਟਿੰਗ ਵਿੱਚ ਸੰਬੋਧਨ ਕਰਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਹ ਤਨਦੇਹੀ ਨਾਲ ਹਲਕੇ ਦੀ ਸੇਵਾ ਕਰਨਗੇ। ਇਸ ਮੌਕੇ ਬਲਕਾਰ ਸਿੰਘ ਬਰਾੜ, ਕੁਲਦੀਪ ਸਿੰਘ ਬੁਰਜ਼, ਸੀਨੀਅਰ ਅਕਾਲੀ ਆਗੂ ਹਰਭਜਨ ਮਾਈਸਰਖਾਨਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਤੇਜ ਸਿੰਘ ਢੱਡੇ ਮੌਜੂਦ ਸਨ।